ਜੇ ਸੰਸਾਰ ਜੰਗਾਂ ਵਿਚ ਸਾਡੇ ਨਾਲ ਸਿੱਖ ਨਾ ਹੁੰਦੇ ਤਾਂ ਨਤੀਜੇ ਉਲਟ ਹੋਣੇ ਸਨ : ਬਰਤਾਨਵੀ ਸਫ਼ੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਨੂੰ ਬਹਾਦਰ ਤੇ ਈਮਾਨਦਾਰ ਕੌਮ ਦਸਿਆ.......

British Deputy High Commissioner inaugurating the Shaheedi memorial

ਸਿੱਖਾਂ ਨੂੰ ਬਹਾਦਰ ਤੇ ਈਮਾਨਦਾਰ ਕੌਮ ਦਸਿਆ

ਡੇਹਲੋਂ : ਭਾਰਤ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡਰੀਉ ਆਇਰ ਨੇ ਕਿਹਾ ਕਿ ਸਿੱਖ ਕੌਮ ਬਹਾਦਰ ਕੌਮ ਹੈ ਤੇ ਇਹ ਕੌਮ ਅਪਣੀ ਬਹਾਦਰੀ ਤੇ ਈਮਾਨਦਾਰੀ ਸਦਕਾ ਦੁਨੀਆਂ ਭਰ ਵਿਚ ਵਿਸ਼ੇਸ਼ ਸਤਿਕਾਰ ਰਖਦੀ ਹੈ। ਉੁਨ੍ਹਾਂ ਕਿਹਾ ਕਿ ਸਿੱਖਾਂ ਨੇ ਦੋਹਾਂ ਵਿਸ਼ਵ ਜੰਗਾਂ ਚ ਬਰਤਾਨੀਆਂ ਵਲੋਂ ਲੜ ਕੇ ਬਹਾਦਰੀ ਦੀਆਂ ਮਿਸਾਲਾਂ ਕਾਇਮ ਕੀਤੀਆਂ। ਜੇ  ਦੋਹਾਂ ਜੰਗਾਂ 'ਚ ਸਿੱਖ ਬਰਤਾਨੀਆਂ ਨਾਲ ਨਾ ਹੁੰਦੇ ਤਾਂ ਇਨ੍ਹਾਂ ਲੜਾਈਆਂ ਦੇ ਨਤੀਜੇ ਉਲਟ ਹੋਣੇ ਸਨ। ਐਂਡਰੀਉ ਆਇਰ ਲਾਗਲੇ ਪਿੰਡ ਮਹਿਮਾ ਸਿੰਘ ਵਾਲਾ ਵਿਖੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸਿਪਾਹੀਆਂ ਦੀ ਯਾਦ ਨੂੰ ਸਮਰਪਤ ਸਮਾਗਮ ਵਿਚ ਬੋਲ ਰਹੇ ਸਨ।

ਉਨ੍ਹਾਂ ਪਹਿਲੇ ਵਿਸ਼ਵ ਯੁੱਧ 'ਚ ਬਰਤਾਨੀਆ ਵਲੋਂ ਲੜਨ ਵਾਲੇ 70 ਸਿਪਾਹੀਆਂ ਜਿਨ੍ਹਾਂ ਵਿਚੋਂ 5 ਨੇ ਇਸ ਯੁੱਧ 'ਚ ਸ਼ਹਾਦਤ ਪ੍ਰਾਪਤ ਕੀਤੀ, ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਿਪਾਹੀਆਂ ਦੀ ਯਾਦ 'ਚ ਬਣੀ ਯਾਦਗਾਰ ਦੇ ਪੱਥਰ ਦੀ ਘੁੰਡ ਚੁਕਾਈ ਕੀਤੀ। ਪਹਿਲੇ ਵਿਸ਼ਵ ਯੁੱਧ ਵਿਚ ਪਿੰਡ ਦੇ 70 ਵਿਅਕਤੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ ਪੰਜ ਵਿਅਕਤੀਆਂ ਨੇ ਕੁਰਬਾਨੀਆਂ ਦਿਤੀਆਂ ਸਨ। ਬਰਤਾਨੀਆ ਵਿਚ ਵਸਦੇ ਕਾਰੋਬਾਰੀ ਜਸਵੰਤ ਸਿੰਘ ਗਰੇਵਾਲ ਦੇ ਯਤਨਾਂ ਸਦਕਾ ਇਹ ਸਮਾਗਮ ਕਰਵਾਇਆ ਗਿਆ।

ਜਸਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਛੋਟੇ ਜਿਹੇ ਪਿੰਡ ਵਿਚੋਂ 70 ਸਿਪਾਹੀਆਂ ਨੇ ਵਿਸ਼ਵ ਯੁੱਧ 'ਚ ਭਾਗ ਲਿਆ ਸੀ। ਗਰੇਵਾਲ ਨੇ 5 ਲੱਖ ਦਾ ਚੈੱਕ ਵਰਲਡ ਕੈਂਸਰ ਕੇਅਰ ਅਤੇ ਇਕ ਲੱਖ ਦਾ ਚੈੱਕ ਪਿੰਡ ਲਈ ਦਿਤਾ। ਆਇਰ ਨੇ ਪਿੰਡ ਦੇ ਸਟੇਡੀਅਮ ਦਾ ਦੌਰਾ ਕਰ ਕੇ ਉਥੇ ਵਿਜ਼ੇਟਰ ਬੁੱਕ ਵਿਚ ਦਸਤਖ਼ਤ ਕੀਤੇ। ਇਸ ਮੌਕੇ ਡਾ. ਮਨਮੋਹਨ ਸਿੰਘ, ਵਰਲਡ ਕੈਂਸਰ ਕੇਅਰ ਦੇ ਕੁਲਵੰਤ ਸਿੰਘ ਧਾਲੀਵਾਲ, ਮਹਿਦਰ ਸਿੰਘ ਗਿੱਲ ਯੂ.ਕੇ, ਦਵਿੰਦਰ ਸਿੰਘ ਰੰਧਾਵਾ ਯੂ.ਕੇ ਵੀ ਮੌਜੂਦ ਸਨ।