ਬਾਦਲਾਂ ਦੇ ਲਿਫ਼ਾਫ਼ੇ 'ਚੋਂ ਨਿਕਲੇਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ!
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵੱਡੇ ਅਹੁਦੇਦਾਰਾਂ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਵਿਚਕਾਰ ਚਲ ਰਹੇ ਟਕਰਾਅ...
ਚੰਡੀਗੜ੍ਹ (ਭਾਸ਼ਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵੱਡੇ ਅਹੁਦੇਦਾਰਾਂ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਵਿਚਕਾਰ ਚਲ ਰਹੇ ਟਕਰਾਅ ਅਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਪਿਛੋਂ ਭਾਵੇਂ ਇਕ ਮੀਟਿੰਗ ਦੌਰਾਨ ਤੈਅ ਸਮੇਂ 28 ਮਾਰਚ ਤੋਂ ਪਹਿਲਾਂ ਹੀ ਨਵੀਂ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਫ਼ੈਸਲਾ ਲਿਆ ਹੈ, ਪਰ ਇਸ ਗੱਲ ਨੂੰ ਲੈ ਕੇ ਚਰਚਾ ਦਾ ਦੌਰ ਗਰਮਾਇਆ ਹੋਇਆ ਹੈ ਕਿ ਹੁਣ ਅਗਲਾ ਪ੍ਰਧਾਨ ਕੌਣ ਹੋਵੇਗਾ। ਇਹ ਤਾਂ ਸਪੱਸ਼ਟ ਹੈ ਕਿ ਦਿੱਲੀ ਕਮੇਟੀ ਦਾ ਅਗਲਾ ਪ੍ਰਧਾਨ ਬਾਦਲਾਂ ਦੇ ਰਵਾਇਤੀ ਲਿਫ਼ਾਫ਼ੇ ਵਿਚੋਂ ਨਿਕਲੇਗਾ।
ਜਿਸ ਦਾ ਫ਼ੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਰਨਗੇ, ਹੁਣ ਇਹ ਤਾਂ ਲਿਫ਼ਾਫ਼ਾ ਖੁੱਲ੍ਹਣ ਮਗਰੋਂ ਹੀ ਪਤਾ ਚੱਲੇਗਾ ਕਿ ਜੀਕੇ ਦਾ ਨਾਮ ਨਿਕਲਦੈ ਜਾਂ ਸਿਰਸੇ ਦਾ ਜਾਂ ਫਿਰ ਕਿਸੇ ਹੋਰ ਦਾ? ਇਕ ਗੱਲ ਜ਼ਰੂਰ ਹੈ ਕਿ ਜਦੋਂ ਬੀਤੇ ਦਿਨ ਮੀਟਿੰਗ ਪਿਛੋਂ ਜੀਕੇ ਅਤੇ ਸਿਰਸਾ ਸਮੇਤ ਹੋਰ ਮੈਂਬਰਾਂ ਦੀ ਹਾਜ਼ਰੀ 'ਚ 21 ਦਿਨ ਬਾਅਦ ਚੋਣਾਂ ਕਰਵਾਉਣ ਦਾ ਐਲਾਨ ਕਰ ਰਹੇ ਸਨ, ਤਾਂ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਉਤਰਿਆ ਹੋਇਆ ਸੀ ਤੇ ਪਹਿਲਾਂ ਵਰਗੇ ਆਮ ਹਾਵ ਭਾਅ ਗਾਇਬ ਸਨ, ਜਿਸ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਉਨ੍ਹਾਂ ਹਾਈਕਮਾਨ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ।
ਬਲਕਿ ਅਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਬਾਰੇ ਜੀਕੇ ਨੇ ਇਹ ਵੀ ਆਖਿਆ ਕਿ“ਜਦੋਂ ਤਕ ਮੈਂ ਦੋਸ਼ ਮੁਕਤ ਨਹੀਂ ਹੋ ਜਾਂਦਾ, ਉਦੋਂ ਤਕ ਗੁਰਦੁਆਰਾ ਕਮੇਟੀ ਵਿਚ ਕੋਈ ਅਹੁਦਾ ਨਹੀਂ ਲਵਾਂਗਾ। ਕੋਰਟ ਕਚਹਿਰੀਆਂ ਤਾਂ ਪਾਸੇ ਰਹੀਆਂ, ਅਸੀਂ ਸੰਗਤ ਨੂੰ ਜਵਾਬਦੇਹ ਹਾਂ। ਭਾਵੇਂ ਕਿ ਇਹ ਅਸਤੀਫ਼ੇ ਉਨ੍ਹਾਂ ਹਾਈਕਮਾਨ ਦੇ ਦਬਾਅ ਹੇਠ ਆ ਕੇ ਦਿਤੇ ਹਨ ਪਰ ਮੀਟਿੰਗ ਦੌਰਾਨ ਉਨ੍ਹਾਂ ਆਖਿਆ ਕਿ ਅਸੀਂ ਪਾਰਟੀ ਹਾਈਕਮਾਨ ਨੂੰ ਅਪਣੇ ਜਜ਼ਬਾਤ ਤੋਂ ਜਾਣੂ ਕਰਵਾ ਦਿਤਾ ਸੀ, ਉਸ ਪਿਛੋਂ ਅਸੀਂ ਸਾਰਿਆਂ ਨੇ 3 ਮਹੀਨੇ ਪਹਿਲਾਂ ਹੀ ਕਾਰਜਕਾਰਨੀ ਦੀ ਚੋਣ ਕਰਵਾਉਣ ਦਾ ਫ਼ੈਸਲਾ ਲੈ ਲਿਆ ਹੈ।
ਕਿਉਂਕਿ ਐਕਟ ਮੁਤਾਬਕ ਜੋ ਨਿਯਮ ਹਨ, ਉਸ ਮੁਤਾਬਕ ਚੋਣਾਂ ਦੇ ਐਲਾਨ ਤੋਂ 21 ਦਿਨ ਬਾਅਦ ਜਾਂ ਅੰਦਰ ਚੋਣਾਂ ਹੋਣੀਆਂ ਲਾਜ਼ਮੀ ਹਨ।'' ਜੀਕੇ ਨੇ ਇਹ ਵੀ ਕਿਹਾ ਕਿ“ਨਵੀਂ ਕਾਰਜਕਾਰਨੀ ਦੀ ਚੋਣ ਪਿਛੋਂ ਇਕ ਕਮੇਟੀ ਬਣਾਈ ਜਾਵੇਗੀ ਜੋ ਮੇਰੇ 'ਤੇ ਲੱਗੇ ਦੋਸ਼ਾਂ ਬਾਰੇ ਤੱਥਾਂ ਦੀ ਪੂਰੀ ਪੜਤਾਲ ਕਰੇਗੀ। ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਪੁਛਿਆ ਗਿਆ ਕਿ ਕੀ ਉਹ ਅਗਲੇ ਪ੍ਰਧਾਨ ਹੋਣਗੇ ਤਾਂ ਉਹ ਇਸਦਾ ਜਵਾਬ ਟਾਲਦੇ ਹੋਏ ਆਖਣ ਲੱਗੇ ਮੈਂਬਰਾਂ ਦੀ ਸਲਾਹ ਨਾਲ ਜਿਸ ਨੂੰ ਸੁਖਬੀਰ ਸਿੰਘ ਬਾਦਲ ਬਣਾਉਣਗੇ ਉਹੀ ਅਗਲਾ ਪ੍ਰਧਾਨ ਬਣੇਗਾ।
ਮੀਟਿੰਗ ਦੌਰਾਨ ਇਕ ਹੋਰ ਗੱਲ ਵੀ ਸਾਹਮਣੇ ਆਈ ਸੀ ਜਦੋਂ ਕਾਰਜਕਾਰਨੀ ਦੇ ਮੈਂਬਰ ਤੇ ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਮੀਟਿੰਗ ਤੋਂ ਉੱਠ ਕੇ ਬਾਹਰ ਆ ਗਏ ਸਨ ਪਰ ਉਸੇ ਸਮੇਂ ਮਨਜਿੰਦਰ ਸਿਰਸਾ ਅਤੇ ਕੁਲਵੰਤ ਸਿੰਘ ਬਾਠ ਉਨ੍ਹਾਂ ਨੂੰ ਮਨਾ ਕੇ ਅੰਦਰ ਲੈ ਗਏ। ਇਸ ਸਭ ਵਿਚਕਾਰ ਮਨਜਿੰਦਰ ਸਿਰਸਾ ਦੇ ਪ੍ਰਧਾਨ ਬਣਨ ਦੇ ਕਿਆਸ ਵੀ ਲਗਾਏ ਜਾ ਰਹੇ ਹਨ, ਪਰ ਅਸਲੀਅਤ ਤਾਂ ਬਾਦਲਾਂ ਦਾ ਲਿਫ਼ਾਫ਼ਾ ਖੁੱਲ੍ਹਣ ਮਗਰੋਂ ਹੀ ਪਤਾ ਚੱਲ ਸਕੇਗਾ।