ਜਿਸ ਦੇਸ਼ 'ਚ ਔਰਤਾਂ ਦੀ ਸੁਰੱਖਿਆ ਯਕੀਨੀ ਨਹੀਂ, ਉਹ ਤਰੱਕੀ ਨਹੀਂ ਕਰ ਸਕਦਾ: ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਹੋਣੇ ਚਾਹੀਦੇ ਹਨ।

Baba Balbir Singh

ਅੰਮ੍ਰਿਤਸਰ (ਚਰਨਜੀਤ ਸਿੰਘ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਵੱਧ ਰਹੀ ਬਦਅਮਨੀ, ਅਸੁਰੱਖਿਆ ਦੀ ਭਾਵਨਾ ਅਤੇ ਔਰਤਾਂ ਪ੍ਰਤੀ ਰੋਜ਼ਾਨਾ ਵੱਡੀ ਗਿਣਤੀ ਵਿਚ ਵੱਧ ਰਹੇ ਗੰਭੀਰ ਅਪਰਾਧ ਗੈਂਗਰੇਪ, ਜਬਰਜਨਾਹ, ਕਤਲੋਗਾਰਤ, ਅਗਵਾ, ਅਗਜਨੀ ਦੀਆਂ ਘਟਨਾਵਾਂ ਦੇਸ਼ ਨੂੰ ਤਰੱਕੀ ਵਲ ਨਹੀਂ ਨਿਘਾਰ ਵਲ ਲੈ ਕੇ ਜਾ ਰਹੀਆਂ ਹਨ। ਗੁਰੂਆਂ, ਪੀਰਾਂ ਪੈਗੰਬਰਾਂ ਨੇ ਵੀ ਔਰਤ ਦਾ ਸਤਿਕਾਰ ਕਰਨ ਦੇ ਆਦੇਸ਼ ਦਿਤੇ ਹਨ।

 

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਹੋਣੇ ਚਾਹੀਦੇ ਹਨ। ਅਪਰਾਧਿਕ ਕਾਰਵਾਈਆਂ ਕਰਨ ਵਾਲੇ ਦੋਸ਼ੀਆਂ ਤੇ ਸਖ਼ਤ ਸਜ਼ਾ ਦਾ ਆਇਤ ਹੋਣਾ ਲਾਜ਼ਮੀ ਹੋਵੇ।ਉਨ੍ਹਾਂ ਕਿਹਾ ਕਿ ਪਹਿਲਾਂ ਹੈਦਰਾਬਾਦ ਦੇ ਸ਼ਮਸਾਬਾਦ ਦੀ ਇਕ ਡਾਕਟਰ ਔਰਤ ਨਾਲ ਸ਼ਰਮਨਾਕ ਗੈਂਗਰੇਪ ਕਰ ਕੇ ਉਸ ਨੂੰ ਜਾਨ ਤੋਂ ਮਾਰ ਦਿਤਾ ਗਿਆ।

 

ਫਿਰ ਉੱਤਰਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਵਿਚ ਇਕ ਔਰਤ ਨਾਲ ਜਬਰਜਨਾਹ ਕਰ ਕੇ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ ਹੈ। ਇਨ੍ਹਾਂ ਘਟਨਾਵਾਂ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ ਤੇ ਸੰਸਾਰ ਪੱਧਰ ਤੇ ਦੇਸ਼ ਦੀ ਬਦਨਾਮੀ ਹੋਈ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਰੋਸ਼ਨੀ 'ਚ ਨਹੀਂ ਆ ਰਹੀਆਂ। ਉਨ੍ਹਾਂ ਕਿਹਾ ਕਿ ਔਰਤਾਂ ਪ੍ਰਤੀ ਇਸ ਤਰ੍ਹਾਂ ਦਾ ਰੁਝਾਨ ਬਹੁਤ ਹੀ ਖਤਰਨਾਕ ਤੇ ਨਿੰਦਣਯੋਗ ਹੈ।

ਹਾਕਮ ਰਾਜਨੀਤਕਾਂ ਨੂੰ ਆਮ ਜਨਤਾ ਨਾਲ ਹੋ ਰਹੀ ਧੱਕੇਸ਼ਾਹੀ, ਅਨਯਾਏ ਸਬੰਧੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਮਾਜ ਅੰਦਰ ਗੁੰਡਾ ਅਨਸਰ ਤੇਜ਼ੀ ਨਾਲ ਵੱਧ ਰਿਹਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਹੀ ਜਬਰਜਨਾਹ, ਬਲਾਤਕਾਰ ਦੀਆਂ ਘਟਨਾਵਾਂ ਵੱਧਫੁੱਲ ਰਹੀਆਂ ਹਨ ਜਦ ਕਿ ਅਰਬ ਤੇ ਹੋਰ ਦੇਸ਼ਾਂ ਵਿਚ ਸਖ਼ਤ ਸਜਾਵਾਂ ਨਿਰਧਾਰਤ ਹਨ ਕਿਸੇ ਵਿਅਕਤੀ ਦੀ ਹਿੰਮਤ ਨਹੀਂ ਪੈਦੀ ਅਜਿਹੀ ਗਲਤੀ ਕਰਨ ਦੀ।

 

ਉਨ੍ਹਾਂ ਸੰਯੁਕਤ ਅਰਬ ਅਮੀਰਾਤ, ਸਾਊਦੀਅਰਬ, ਇੰਡੋਨੇਸ਼ੀਆ, ਚੀਨ, ਉੱਤਰੀ ਕੋਰੀਆ, ਪੋਲੈਂਡ, ਇਰਾਕ ਜਹੇ ਕਈ ਦੇਸ਼ਾਂ ਦੇ ਨਾਮ ਲੈ ਕੇ ਕਿਹਾ ਕਿ ਜਿਥੇ ਬਲਾਤਕਾਰ, ਜਬਰਜਨਾਹ ਕਰਨ ਵਾਲਿਆਂ ਲਈ ਸਖ਼ਤ ਸਜਾਵਾਂ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਵਿਕਸਿਤ ਦੇਸ਼ ਦਾ ਹੋਣਾ ਫਖ਼ਰ ਵਾਲ਼ੀ ਗੱਲ ਹੈ ਪਰ ਉਸ ਅੰਦਰ ਅਨੈਰਕੀ ਫੈਲ ਜਾਵੇ ਇਹ ਹਰਗਿਜ਼ ਬਰਦਾਸ਼ਤਯੋਗ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿਚ ਪੀੜੀਤ ਮਹਿਲਾ ਡਾਕਟਰ ਜਿਸ ਨਾਲ ਸਮੂਹਿਕ ਬਲਾਤਕਾਰ ਕਰਨ ਉਪਰੰਤ ਗੁੰਡਾ ਅਨਸਰਾਂ ਵਲੋਂ ਉਸ ਨੂੰ ਜਾਨੋ ਮਾਰ ਦਿਤਾ ਗਿਆ ਸੀ, ਦੇ ਏਨੇ ਹੋਸਲੇ ਵੱਧ ਗਏ, ਕੇ ਉਹਨਾਂ ਨੇ ਪੁਲਿਸ ਤੇ ਵੀ ਹਮਲਾ  ਕਰ ਦਿਤਾ, ਜਿਸ ਦੇ ਸਿੱਟੇ ਵਜੋਂ ਉਹ ਚਾਰੇ ਦੋਸ਼ੀ ਮਾਰੇ ਗਏ ਹਨ।