'ਪਰਾਲੀ ਮਾਮਲਾ'- ਧਰਨੇ ਵਾਲੀ ਜਗ੍ਹਾ 'ਤੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਅਚਾਨਕ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਯੂਨੀਅਨ ਡੱਲੇਵਾਲਾ ਦਾ ਦੋਸ਼! ਇਹ ਕੀਤਾ ਗਿਐ ਸਰਕਾਰੀ ਕਤਲ

Farmer Suicide

ਜੈਤੋ (ਗੁਰਿੰਦਰ ਸਿੰਘ/ਗੁਰਸ਼ਾਨਜੀਤ ਸਿੰਘ) :- ਸਬ-ਡਵੀਜ਼ਨ ਦਫ਼ਤਰ ਅੱਗੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਧਰਨੇ 'ਚ ਅੱਜ ਸਵੇਰੇ ਇੱਕ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈਣ ਦੀ ਦੁਖਦਾਇਕ ਖਬਰ ਮਿਲੀ ਹੈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਨਾਮ ਜਗਸੀਰ ਸਿੰਘ ਉਰਫ 'ਜੱਗਾ' ਪੁੱਤਰ ਦਿਆਲ ਸਿੰਘ ਵਾਸੀ ਪਿੰਡ ਕੋਟੜਾ ਕੋੜਿਆਂਵਾਲੀ (ਬਠਿੰਡਾ) ਦਾ ਰਹਿਣ ਵਾਲਾ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਕਿਯੂ ਸਿੱਧੂਪੁਰਾ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ 'ਡੱਲੇਵਾਲਾ' ਨੇ ਦੱਸਿਆ ਕਿ ਕਿਸਾਨ ਨੇ ਧਰਨੇ ਕੋਲ ਖੜੀ ਟਰਾਲੀ ਵਿੱਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਦੀ ਵਜ੍ਹਾ ਨਾਲ ਉਸਦੀ ਹਾਲਤ ਗੰਭੀਰ ਹੋ ਗਈ। ਜਦ ਉਸਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜੈਤੋ ਵਿਖੇ ਲਿਜਾਇਆ ਗਿਆ ਤਾਂ ਸਿਵਲ ਹਸਪਤਾਲ ਜੈਤੋ ਪਹੁੰਚਣ 'ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 1 ਮਹੀਨੇ ਤੋਂ ਧਰਨੇ ਉੱਪਰ ਬੈਠੇ ਹਨ ਪਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀ ਗੱਲ ਸੁਣਨੀ ਵੀ ਜਾਇਜ ਨਹੀਂ ਸਮਝੀ। ਇਸ ਸਭ ਦੇ ਚੱਲਦਿਆਂ ਜਗਸੀਰ ਸਿੰਘ ਨੇ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀ ਨਾ ਝੱਲਦਿਆਂ ਉਕਤ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਉਹ ਖੁਦਕੁਸ਼ੀ ਕਰਨ ਵਰਗੇ ਕੰਮ ਦੇ ਵਿਰੋਧ 'ਚ ਹਨ ਪਰ ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਕਰਕੇ ਇਹ ਖੁਦਕੁਸ਼ੀ ਨਾ ਹੋ ਕੇ “ਸਰਕਾਰੀ” ਕਤਲ ਹੈ।

ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਨੂੰ ਖਤਮ ਕੀਤਾ ਜਾਵੇ ਪਰ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਪੋਸਟਮਾਰਟਮ ਜਾਂ ਅੰਤਿਮ ਸਸਕਾਰ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ।

ਖਬਰ ਲਿਖੇ ਜਾਣ ਤੱਕ ਕਿਸਾਨਾਂ ਵੱਲੋਂ ਲਾਸ਼ ਫਰੀਜ਼ਰ ਵਿੱਚ ਰੱਖ ਲਈ ਗਈ ਸੀ। ਪ੍ਰਸ਼ਾਸ਼ਨ ਅਤੇ ਕਿਸਾਨ ਆਗੂਆਂ ਵਿਚਕਾਰ ਗੱਲਬਾਤ ਜਾਰੀ ਸੀ। ਹਸਪਤਾਲ ਵਿਖੇ ਐੱਸ.ਪੀ.ਐੱਚ. ਭੁਪਿੰਦਰ ਸਿੰਘ, ਡੀ.ਐੱਸ.ਪੀ. ਡਾ. ਮਹਿਤਾਬ ਸਿੰਘ ਅਤੇ ਐੱਸ.ਐੱਚ.ਓ. ਜੈਤੋ ਸੰਜੀਵ ਕੁਮਾਰ ਮੌਕੇ 'ਤੇ ਪਹੁੰਚੇ ਹੋਏ ਸਨ।