ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਾਰ ਹੋਰ ਚੀਜ਼ਾਂ ਵਾਪਸ ਕਰਨ ਦੀ ਮੰਗ ਦੀ ਵਿਆਪਕ ਚਰਚਾ ਵੀ ਤੇ ਹਮਾਇਤ ਵੀ
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਾਰ ਹੋਰ ਚੀਜ਼ਾਂ ਵਾਪਸ ਕਰਨ ਦੀ ਮੰਗ ਦੀ ਵਿਆਪਕ ਚਰਚਾ ਵੀ ਤੇ ਹਮਾਇਤ ਵੀ
ਪੰਜਾਬ ਦੇ ਹਰ ਸਿਆਸਤਦਾਨ ਅਤੇ ਅਫ਼ਸਰ ਦੇ ਹੱਥ 'ਚ ਮੈਂ ਵੇਖਿਆ 'ਸਪੋਕਸਮੈਨ ਅਖ਼ਬਾਰ' : ਫ਼ਤਿਹਮਾਜਰੀ
ਸੰਗਰੂਰ, 6 ਦਸੰਬਰ (ਬਲਵਿੰਦਰ ਸਿੰਘ ਭੁੱਲਰ): ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਬਾਨੀ ਸ.ਜੋਗਿੰਦਰ ਸਿੰਘ ਵਲੋਂ 6 ਦਸੰਬਰ ਨੂੰ ਲਿਖੀ ਡਾਇਰੀ ਜਿਸ ਵਿਚ ਉਨ੍ਹਾਂ ਪੰਜਾਬ ਦੇ ਰਾਜਨੀਤਕ ਦ੍ਰਿਸ਼ ਤੇ ਲੰਮਾ ਸਮਾਂ ਛਾਏ ਰਹੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਜਿਥੇ ਪਦਮ ਵਿਭੂਸ਼ਨ ਸਨਮਾਨ ਵਾਪਸ ਕਰਨ ਦੀ ਤਾਰੀਫ਼ ਕੀਤੀ ਗਈ ਹੈ ਉਥੇ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਆਦਰ ਸਤਿਕਾਰ ਸਹਿਤ ਇਹ ਸਲਾਹ ਵੀ ਦਿਤੀ ਗਈ ਹੈ ਕਿ ਉਹ ਸਿੱਖ ਸੰਸਥਾਵਾਂ ਤੇ ਅਪਣਾ ਕਬਜ਼ਾ ਅਤੇ ਏਕਾਅਧਿਕਾਰ ਛੱਡੇ ਅਤੇ ਇਨ੍ਹਾਂ ਨੂੰ ਸਿੱਖ ਪੰਥ ਨੂੰ ਵਾਪਸ ਕਰ ਦੇਵੇ। ਇਸ ਮੰਗ ਜਾਂ ਸੁਝਾਅ ਦੀ ਵਿਆਪਕ ਚਰਚਾ ਵੀ ਸਾਰਾ ਦਿਨ ਹੁੰਦੀ ਰਹੀ ਤੇ ਇਸ ਸੁਝਾਅ ਦੀ ਹਮਾਇਤ ਵੀ ਹਰ ਪਾਸਿਉਂ ਤੇ ਪੰਜਾਬ ਭਰ ਵਿਚੋਂ ਸੁਣਨ ਨੂੰ ਮਿਲੀ।
ਸ. ਜੋਗਿੰਦਰ ਸਿੰਘ ਦੀ ਡਾਇਰੀ ਵਿਚ ਬੜੇ ਦਲੀਲ ਭਰੇ ਅੰਦਾਜ਼ ਵਿਚ ਦਸਿਆ ਗਿਆ ਸੀ ਕਿ ਸ. ਬਾਦਲ ਕੇਵਲ ਚਾਰ ਵਾਰ ਮੁੱਖ ਮੰਤਰੀ ਹੀ ਨਾ ਬਣੇ ਸਗੋਂ ਚਾਰ ਚੀਜ਼ਾਂ ਤੇ ਜੱਫਾ ਮਾਰ ਕੇ ਪੰਜਾਬ ਅਤੇ ਪੰਥ ਨੂੰ ਬੀਮਾਰ ਕਰ ਕੇ ਸੁਟ ਗਏ ਤੇ ਹੁਣ ਜੀਵਨ ਦੇ ਆਖ਼ਰੀ ਸਾਹ ਉਨ੍ਹਾਂ ਨੂੰ ਅਪਣੀ ਕਬਜ਼ਾ ਰੁਚੀ ਦੇ ਅਸਰ ਖ਼ਤਮ ਕਰਨ ਲਈ ਖ਼ਰਚਣੇ ਚਾਹੀਦੇ ਹਨ।
ਇਥੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਸਾਂਝੀ ਕਰਦਿਆਂ ਇਹ ਵਿਚਾਰ ਵਿਧਾਨ ਸਭਾ ਹਲਕਾ ਸਮਾਣਾ ਤੋਂ ਸੇਵਾ ਮੁਕਤ ਡੀ.ਐਸ.ਪੀ. ਨਾਹਰ ਸਿੰਘ ਫ਼ਤਿਹਮਾਜਰੀ ਨੇ ਪ੍ਰਗਟ ਕੀਤੇ। ਉਨ੍ਹਾਂ ਇਹ ਵੀ ਦਸਿਆ,''ਮੈਂ ਅਪਣੀ 40 ਸਾਲ ਦੀ ਸਰਵਿਸ ਦੌਰਾਨ ਸਪੋਕਸਮੈਨ ਅਖ਼ਬਾਰ ਪੰਜਾਬ ਦੇ ਹਜ਼ਾਰਾਂ ਵੱਡੇ ਵੱਡੇ ਪ੍ਰਮੁੱਖ ਸਿਆਸੀ ਆਗੂਆਂ ਅਤੇ ਸੂਬੇ ਦੇ ਉੱਚ ਅਫ਼ਸਰਾਂ ਦੇ ਹੱਥਾਂ ਵਿਚ ਵੇਖਿਆ ਹੈ ਜਿਸ ਤੋਂ ਬਾਅਦ ਮੈਨੂੰ ਇਸ ਅਖ਼ਬਾਰ ਦੀ ਪ੍ਰਸਿੱਧੀ ਅਤੇ ਮਹੱਤਵ ਦਾ ਪਤਾ ਲੱਗਾ ਕਿ ਪੰਜਾਬ ਦਾ ਕੋਈ ਸਮਝਦਾਰ ਵਿਅਕਤੀ ਭਾਵੇਂ ਉਹ ਅਫ਼ਸਰ ਹੋਵੇ, ਸਿਆਸਤਦਾਨ ਹੋਵੇ ਜਾਂ ਕੁੱਝ ਹੋਰ, ਉਹ ਸਪੋਕਸਮੈਨ ਨੂੰ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ।'' ਉਨ੍ਹਾਂ ਸਪੋਕਸਮੈਨ ਨੂੰ 16ਵੇਂ ਵਰ੍ਹੇ ਵਿਚ ਦਾਖ਼ਲ ਹੋਣ ਤੇ ਵਧਾਈ ਦਿਤੀ ਅਤੇ ਸ.ਜੋਗਿੰਦਰ ਸਿੰਘ ਦੀ ਲੰਮੀ ਉਮਰ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਵੀ ਕੀਤੀ।