ਹੰਸ ਰਾਜ ਹੰਸ ਦਾ ਮੋਗਾ ਪਹੁੰਚਣ ਉਤੇ ਕਿਸਾਨਾਂ ਨੇ ਕੀਤਾ ਘਿਰਾਉ

ਏਜੰਸੀ

ਖ਼ਬਰਾਂ, ਪੰਜਾਬ

ਹੰਸ ਰਾਜ ਹੰਸ ਦਾ ਮੋਗਾ ਪਹੁੰਚਣ ਉਤੇ ਕਿਸਾਨਾਂ ਨੇ ਕੀਤਾ ਘਿਰਾਉ

image

ਮੈਂ ਤੁਹਾਡਾ ਹੀ ਹਾਂ, ਕਹਿ ਕੇ ਛੁਡਾਇਆ ਖਹਿੜਾ

ਮੋਗਾ, 6 ਦਸੰਬਰ  (ਗੁਰਜੰਟ ਸਿੰਘ/ਪ੍ਰੇਮ ਹੈਪੀ): ਪ੍ਰਸਿੱਧ ਸੂਫ਼ੀ ਗਾਇਕ ਅਤੇ ਭਾਜਪਾ ਮੰਤਰੀ ਹੰਸ ਰਾਜ ਹੰਸ ਮੋਗਾ ਦੇ ਸ਼ਹੀਦੀ ਪਾਰਕ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਮਰਪਤ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਪਹੁੰਚੇ। ਇਸ ਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਵੱਡੀ ਗਿਣਤੀ ਵਿਚ ਸਮਾਗਮ ਸਥਾਨ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਦੋਂ ਹੰਸ ਰਾਜ ਹੰਸ ਪ੍ਰੋਗਰਾਮ ਵਿਚੋਂ ਵਾਪਸ ਜਾਣ ਲੱਗੇ ਤਾਂ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਦਾ ਘਿਰਾਉ ਕੀਤਾ ਅਤੇ ਕੇਂਦਰ ਸਰਕਾਰ ਵਿਰੁਧ ਜੰਮਕੇ ਨਾਹਰੇਬਾਜ਼ੀ ਕੀਤੀ।
ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੰਸ ਰਾਜ ਹੰਸ ਅਪਣੀ ਗੱਡੀ ਵਿਚੋਂ ਉਤਰੇ ਅਤੇ ਕਿਸਾਨਾਂ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਵਿਚੋਂ ਹੀ ਹਾਂ ਕਹਿ ਕਿ ਖਹਿੜਾ ਛੁਡਾਇਆ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਕਿਹਾ ਕਿ ਜਿੱਥੇ ਅਪਣੀਆਂ ਹੱਕੀ ਮੰਗਾਂ ਲਈ ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਵਿਚ ਧਰਨੇ ਉਤੇ ਬੈਠੇ ਹਨ। ਉਥੇ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਕਿਸਾਨ ਬੀਬੀਆਂ ਵੀ ਧਰਨਿਆਂ ਅਤੇ ਖੇਤਾਂ ਵਿਚ ਅਪਣੀ ਜ਼ੁੰਮੇਵਾਰੀ ਨਿਭਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਨ੍ਹਾਂ ਚਿਰ ਭਾਜਪਾ ਆਗੂਆਂ ਦਾ ਘਿਰਾਉ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਹੰਸ ਰਾਜ ਹੰਸ ਨੇ ਬਿਆਨ ਦਿਤਾ ਕਿ ਉਹ ਕਿਸਾਨਾਂ ਦੇ ਨਾਲ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੰਸ ਰਾਜ ਹੰਸ ਜੇਕਰ ਸੱਚਮੁੱਚ ਹੀ ਕਿਸਾਨਾਂ ਨਾਲ ਹਨ ਤਾਂ ਭਾਜਪਾ ਨਾਲੋਂ ਨਾਤਾ ਤੋੜਨ ਉਤੇ ਅਪਣੀ ਸਮੁੱਚੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ। ਇਸ ਮੌਕੇ ਪੁਲਿਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।