ਕਿਸਾਨੀ ਸੰਘਰਸ਼ ਵਿਚ ਜੋਸ਼ ਭਰਨ ਵਾਲੇ ਕੁੱਝ ਖ਼ਾਸ ਚਿਹਰੇ
ਕਿਸਾਨੀ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਇਨ੍ਹਾਂ ਆਗੂਆਂ ਨੂੰ ਸਲਾਮ
ਬਲਬੀਰ ਸਿੰਘ ਰਾਜੇਵਾਲ( BKU ਰਾਜੇਵਾਲ ਦੇ ਪ੍ਰਧਾਨ)
77 ਸਾਲਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹਨ। ਬਲਬੀਰ ਸਿੰਘ ਦਾ ਪਿਛੋਕੜ ਖੰਨਾ ਦੇ ਪਿੰਡ ਰਾਜੇਵਾਲ ਦਾ ਹੈ ਅਤੇ ਉਹ ਸਥਾਨਕ ਏਐੱਸ ਕਾਲਜ ਤੋਂ ਐਫ਼ਏ ਪਾਸ ਹਨ। ਭਾਰਤੀ ਕਿਸਾਨ ਯੂਨੀਅਨ ਦਾ ਸੰਵਿਧਾਨ ਵੀ ਬਲਬੀਰ ਸਿੰਘ ਰਾਜੇਵਾਲ ਨੇ ਹੀ ਲਿਖਿਆ ਸੀ। ਉਨ੍ਹਾਂ ਦੇ ਪ੍ਰਭਾਵ ਦਾ ਮੁੱਖ ਖੇਤਰ ਲੁਧਿਆਣਾ ਦੇ ਆਸਪਾਸ ਦਾ ਕੇਂਦਰੀ ਪੰਜਾਬ ਹੈ। ਬਲਬੀਰ ਸਿੰਘ ਰਾਜੇਵਾਲ ਸਥਾਨਕ ਮਾਲਵਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਵੀ ਹਨ, ਜੋ ਸਮਰਾਲੇ ਖੇਤਰ ਦਾ ਇਸ ਸਮੇਂ ਮੋਹਰੀ ਵਿੱਦਿਅਕ ਅਦਾਰਾ ਹੈ।
ਬਲਬੀਰ ਸਿੰਘ ਰਾਜੇਵਾਲ 'ਪੰਜਾਬ ਦੇ ਤੇਜ਼ ਤਰਾਰ ਕਿਸਾਨ ਆਗੂ ਸਮਝੇ ਜਾਂਦੇ ਹਨ। ਉਹ ਕਿਸਾਨੀ ਮੁੱਦਿਆਂ ਉੱਤੇ ਅੱਗੇ ਹੋ ਕੇ ਕਿਸਾਨੀ ਪੱਖ ਪੇਸ਼ ਕਰਨ ਕਰਕੇ ਕਿਸਾਨੀ ਅੰਦੋਲਨ ਦਾ ਖ਼ਾਸ ਚਿਹਰਾ ਬਣ ਗਏ ਹਨ। ਰਾਜੇਵਾਲ ਨੇ ਕਦੇ ਵੀ ਸਿਆਸੀ ਚੋਣ ਨਹੀਂ ਲੜੀ ਅਤੇ ਨਾ ਹੀ ਕੋਈ ਸਿਆਸੀ ਅਹੁਦਾ ਸਵੀਕਾਰ ਕੀਤਾ ਹੈ। ਇਸੇ ਲਈ ਉਹ ਇਲਾਕੇ ਵਿਚ ਪ੍ਰਭਾਵਸ਼ਾਲੀ ਤੇ ਸਤਿਕਾਰਤ ਸਖਸ਼ੀਅਤ ਬਣੇ ਹੋਏ ਹਨ। ਇਸ ਸਮੇਂ ਉਹ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਫਰੰਟ ਹੇਠ ਐਕਸ਼ਨ ਵਿਚ ਹਨ ਅਤੇ ਮੌਜੂਦਾ ਕਿਸਾਨ ਸੰਘਰਸ਼ ਦਾ ਡਿਮਾਂਡ ਚਾਰਟਰ ਤਿਆਰ ਕਰਨ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੈ।
ਜੋਗਿੰਦਰ ਸਿੰਘ ਉਗਰਾਹਾਂ(ਕਿਸਾਨ ਯੂਨੀਅਨ ਉਗਰਾਹਾਂ)
ਭਾਰਤ ਦੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿਚ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਮੋਹਰੀ ਆਗੂਆਂ ਵਿਚ ਆਉਂਦਾ ਹੈ। ਉਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਸੁਨਾਮ ਨਾਲ ਸਬੰਧਤ ਹਨ ਅਤੇ ਕਿਸਾਨੀ ਪਰਿਵਾਰ 'ਚ ਜੰਮੇ ਪਲ਼ੇ ਹਨ।
ਭਾਰਤੀ ਫੌਜ ਵਿਚ ਸੇਵਾਮੁਕਤੀ ਤੋਂ ਬਾਅਦ ਉਹਨਾਂ ਨੇ ਆਪਣਾ ਮੂੰਹ ਕਿਸਾਨੀ ਵੱਲ ਕਰ ਲਿਆ ਅਤੇ ਕਿਸਾਨੀ ਹਿੱਤਾਂ ਦੀ ਲੜਾਈ ਵਿਚ ਸਰਗਰਮ ਹੋ ਗਏ। ਸਾਲ 2002 ਵਿਚ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ ਅਤੇ ਉਦੋਂ ਤੋਂ ਹੀ ਉਹ ਲਗਾਤਾਰ ਕਿਸਾਨੀ ਮੁੱਦਿਆਂ ਉੱਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।
ਜੋਗਿੰਦਰ ਸਿੰਘ ਉਗਰਾਹਾਂ ਬਾਕਮਾਲ ਬੁਲਾਰੇ ਹਨ ਅਤੇ ਉਨ੍ਹਾਂ ਦੀ ਇਸੇ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾਂ ਕਾਰਨ ਉਗਰਾਹਾਂ ਜਥੇਬੰਦੀ ਲੋਕ ਅਧਾਰ ਪੱਖੋਂ ਪੰਜਾਬ ਦੀ ਮੁੱਖ ਕਿਸਾਨ ਜਥੇਬੰਦੀ ਹੈ। ਪੰਜਾਬ ਦਾ ਮਾਲਵਾ ਖਿੱਤਾ ਇਸ ਦਾ ਗੜ੍ਹ ਸਮਝਿਆ ਜਾਂਦਾ ਹੈ। ਉਹ ਪਿਛਲੇ 20-25 ਸਾਲਾਂ ਤੋਂ ਕਿਸਾਨ ਹਿੱਤਾਂ ਲਈ ਜੂਝਦੇ ਦਿਖਾਈ ਦਿੱਤੇ, ਉਹ ਖੱਬੇਪੱਖੀ ਵਿਚਾਰਧਾਰਾ ਵਾਲੇ ਕਿਸਾਨੀ ਆਗੂ ਹਨ, ਉਨ੍ਹਾਂ ਨੂੰ ਕਦੇ ਵੀ ਕਿਸੇ ਨਿੱਜੀ ਮੁਫ਼ਾਦ ਲਈ ਲੜਦੇ ਨਹੀਂ ਦੇਖਿਆ ਗਿਆ।
ਜਗਮੋਹਨ ਸਿੰਘ (ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ)
ਜਗਮੋਹਨ ਸਿੰਘ ਦਾ ਸਬੰਧ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰਮਾ ਨਾਲ ਹੈ। ਉਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਨ, ਜੋ ਉਗਰਾਹਾਂ ਤੋਂ ਬਾਅਦ ਵੱਡੀ ਦੂਜੇ ਨੰਬਰ ਦੀ ਜਥੇਬੰਦੀ ਕਹੀ ਜਾ ਸਕਦੀ ਹੈ। ਜਗਮੋਹਨ ਸਿੰਘ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਕਿਸਾਨ ਆਗੂਆਂ ਵਿਚੋਂ ਇੱਕ ਹਨ।
ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਉਹ ਫੁੱਲਟਾਇਮਰ ਸਮਾਜਿਕ ਕਾਰਕੁਨ ਬਣ ਗਏ। ਉਹ ਸੂਬੇ ਵਿਚ ਲੜੇ ਜਾਣ ਵਾਲੇ ਵੱਖ ਵੱਖ ਘੋਲਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਜਗਮੋਹਨ ਸਿੰਘ ਫੁੱਲਟਾਇਮਰ ਸਮਾਜਿਕ ਕਾਰਕੁਨ ਬਣ ਗਏ। ਉਨ੍ਹਾਂ ਦੀ ਕਿਸਾਨ ਸੰਘਰਸ਼ ਪ੍ਰਤੀ ਸਿਦਕਦਿਲੀ ਕਾਰਨ ਉਨ੍ਹਾਂ ਨੂੰ ਆਪਣੀ ਜਥੇਬੰਦੀ ਵਿਚੋਂ ਹੀ ਨਹੀਂ ਹੋਰ ਵੀ ਕਈ ਜਥੇਬੰਦੀਆਂ ਦਾ ਸਮਰਥਨ ਮਿਲਦਾ ਹੈ। ਇਸ ਸਮੇਂ ਉਹ 30 ਕਿਸਾਨ ਜਥੇਬੰਦੀਆਂ ਦੇ ਬਣੇ ਗਠਜੋੜ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਡਾਕਟਰ ਦਰਸ਼ਨਪਾਲ (ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ)
ਡਾਕਟਰ ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਨ ਅਤੇ ਇਨ੍ਹਾਂ ਦਾ ਮੁੱਖ ਆਧਾਰ ਪਟਿਆਲਾ ਅਤੇ ਆਸਪਾਸ ਦੇ ਖੇਤਰਾਂ ਵਿਚ ਹੈ। ਭਾਵੇਂ ਇਹ ਜਥੇਬੰਦੀ ਨੰਬਰ ਪੱਖੋਂ ਛੋਟੀ ਹੈ ਪਰ ਡਾਕਟਰ ਦਰਸ਼ਨਪਾਲ ਇਸ ਸਮੇਂ 30 ਕਿਸਾਨ ਜਥੇਬੰਦੀਆਂ ਦੇ ਫਰੰਟ ਦੇ ਕੋਆਰਡੀਨੇਟਰ ਹਨ। 1973 ਵਿੱਚ ਐਮਬੀਬੀਐੱਸ ਐੱਮ ਡੀ ਕਰਨ ਤੋਂ ਬਾਅਦ ਉਹ ਸਰਕਾਰੀ ਨੌਕਰੀ ਵਿਚ ਰਹੇ।
ਉਹ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਿਦਿਆਰਥੀ ਅਤੇ ਨੌਕਰੀ ਦੌਰਾਨ ਡਾਕਟਰਾਂ ਦੀ ਯੂਨੀਅਨ ਵਿਚ ਹਮੇਸ਼ਾ ਹੀ ਸਰਗਰਮ ਰਹੇ। ''ਸਿੱਖਿਆ ਅਤੇ ਸਿਹਤ ਖੇਤਰ ਦੇ ਨਿੱਜੀਕਰਨ ਦੇ ਖ਼ਿਲਾਫ਼ ਹੋਣ ਕਰਕੇ ਡਾਕਟਰ ਦਰਸ਼ਨਪਾਲ ਨੇ ਕਦੇ ਵੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਕੀਤੀ।'' 2002 ਵਿਚ ਸਰਕਾਰੀ ਡਾਕਟਰ ਦੀ ਨੌਕਰੀ ਛੱਡ ਕੇ ਉਹ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਨਾਲ ਐਕਟਿਵ ਹੋ ਗਏ ਅਤੇ ਉਦੋਂ ਤੋਂ ਉਨ੍ਹਾਂ ਕਦੇ ਮੁੜ ਕੇ ਪਿੱਛੇ ਨਹੀਂ ਦੇਖਿਆ।''
ਸਰਵਨ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ)
ਸਰਵਨ ਸਿੰਘ ਪੰਧੇਰ ਮਾਝੇ ਦੇ ਕਿਸਾਨ ਆਗੂ ਹਨ, ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਨ। ਇਸ ਜਥੇਬੰਦੀ ਦਾ ਗਠਨ 2000 ਵਿੱਚ ਸਤਨਾਮ ਸਿੰਘ ਪੰਨੂ ਨੇ ਕੀਤਾ ਸੀ। ਉਹ ਇਸ ਸਮੇਂ ਵੀ ਇਸ ਜਥੇਬੰਦੀ ਦੀ ਅਗਵਾਈ ਕਰਦੇ ਹਨ, ਪਰ ਮੌਜੂਦਾ ਸੰਘਰਸ਼ ਵਿਚ ਸਰਵਨ ਸਿੰਘ ਪੰਧੇਰ ਦਾ ਚਿਹਰਾ ਮੋਹਰੀ ਬਣਕੇ ਉੱਭਰਿਆ ਹੈ।
ਮਾਝੇ ਦੇ ਚਾਰ ਜ਼ਿਲ੍ਹਿਆਂ ਸਣੇ ਦੋਆਬੇ ਅਤੇ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਸੰਘਰਸ਼ ਕਮੇਟੀ ਦਾ ਮੁੱਖ ਅਧਾਰ ਹੈ ਅਤੇ ਸਰਵਨ ਸਿੰਘ ਪੰਧੇਰ ਇਸ ਦੇ ਤੇਜ਼ ਤਰਾਰ ਅੰਦੋਲਨਕਾਰੀ ਨੇਤਾ ਵਜੋਂ ਸਰਗਰਮ ਨਜ਼ਰ ਆ ਰਹੇ ਹਨ। ਸਰਵਨ ਸਿੰਘ ਦਾ ਪਿੰਡ ਜ਼ਿਲ੍ਹਾ ਪੰਧੇਰ ਅੰਮ੍ਰਿਤਸਰ ਵਿਚ ਪੈਂਦਾ ਹੈ। ਉਹ ਗਰੈਜੁਏਸ਼ਨ ਪਾਸ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਅੰਦੋਲਨਾਂ ਵਿਚ ਹਿੱਸਾ ਲੈਂਦੇ ਰਹੇ ਹਨ। ਸਰਵਨ ਸਿੰਘ ਪੰਧੇਰ ਦੀ ਉਮਰ 42 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਲੋਕ ਹਿੱਤਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਹੈ। ਇਸੇ ਲਈ ਉਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ ਹੈ।''