ਅਨਸੂਚਿਤ ਜਾਤੀ ਦੇ ਨੌਜਵਾਨਾਂ ਲਈ ਦੋ ਹਫਤਿਆਂ ਦਾ ਮੁਫਤ ਡੇਅਰੀ ਸਿਖਲਾਈ ਕੋਰਸ 14 ਦਸੰਬਰ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਕੋਵਿਡ ਦੇ ਹਾਲਾਤ ਠੀਕ ਰਹਿੰਦੇ ਹਨ ਤਾਂ ਚਾਰ ਹੋਰ ਬੈਚ ਵੀ ਸਾਰੇ ਸਿਖਲਾਈ ਕੇਂਦਰਾਂ ਤੇ ਚਲਾਏ ਜਾਣਗੇ

Two week free Dairy Training Course for Unscheduled Caste Youth from 14th December

ਚੰਡੀਗੜ, ਦਸੰਬਰ 7: ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਅਨਸੂਚਿਤ ਜਾਤੀ ਦੇ ਨੌਜਵਾਨਾਂ ਲਈ ਦੋ ਹਫਤਿਆਂ ਦੇ ਡੇਅਰੀ ਸਿਖਲਾਈ ਪ੍ਰੋਗਰਾਮ ਦਾ ਅਯੋਜਨ ਕੀਤਾ ਜਾ ਰਿਹਾ ਹੈ।ਜਿਸ ਦਾ ਪਹਿਲਾ ਬੈਚ 14 ਦਸੰਬਰ ਤੋਂ ਸਾਰੇ ਸਿਖਲਾਈ ਸੈਂਟਰਾਂ ਤੇ ਸ਼ੁਰੂ ਕੀਤਾ ਜਾ ਰਹਾ ਹੈ।ਇਸ ਸਿਖਲਾਈ ਪ੍ਰੋਗਰਾਮ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।

ਜੇਕਰ ਕੋਵਿਡ ਦੇ ਹਾਲਾਤ ਠੀਕ ਰਹਿੰਦੇ ਹਨ ਤਾਂ ਚਾਰ ਹੋਰ ਬੈਚ ਵੀ ਸਾਰੇ ਸਿਖਲਾਈ ਕੇਂਦਰਾਂ ਤੇ ਚਲਾਏ ਜਾਣਗੇ। ਜਿਸ ਵਿੱਚ ਅਨਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀਆਂ ਨੂੰ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਏਗੀ। ਇਸ ਸਿਖਲਾਈ ਦੋਰਾਨ ਸਿਖਿਆਰਥੀਆਂ ਨੂੰ ਮੁਫਤ ਰੀਫਰੈਸ਼ਮੈਂਟ, ਖਾਣਾ ਤੋਂ ਇਲਵਾ ਵਜੀਫਾ ਵੀ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਸਿਖਲਾਈ ਪ੍ਰੋਗਰਾਮ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿਖਿਆਰਥੀਆਂ ਨੂੰ ਵਿਭਾਗੀ ਲਿਟਰੇਚਰ ਮੁਫਤ ਦਿੱਤਾ ਜਾਵੇਗਾ।

ਇਹਨਾਂ ਸਿਖਆਰਥੀਆਂ ਦੀ ਚੋਣ ਜਿਲਾ ਪੱਧਰ ’ਤੇ ਵਿਭਾਗੀ ਕਮੇਟੀਆਂ ਵਲੋਂ ਕੀਤੀ ਜਾਵੇਗੀ। ਇਸ ਲਈ ਸਮੂਹ ਅਨਸੂਚਿਤ ਜਾਤੀ ਨਾਲ ਸਬੰਧਤ ਦੁੱਧ ਉਤਪਾਦਕਾਂ/ਡੇਅਰੀ ਫਾਰਮਰਾਂ/ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ ਜਾਂ ਆਪਣੇ ਜਿਲੇ ਵਿੱਚ ਪੈਂਦੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵਿੱਚ ਬਿਨੈ ਪੱਤਰ ਦੇਣ ਤਾਂ ਜੋ ਉਹਨਾਂ ਦਾ ਬਿਨੈ ਪੱਤਰ ਵਿਭਾਗੀ ਕਮੇਟੀ ਵਿੱਚ ਵਿਚਾਰਿਆ ਜਾ ਸਕੇ।