10 ਸਾਲ ਦੀ ਬੱਚੀ ਨੇ ਇਕ ਮਹੀਨੇ ’ਚ

ਏਜੰਸੀ

ਖ਼ਬਰਾਂ, ਪੰਜਾਬ

10 ਸਾਲ ਦੀ ਬੱਚੀ ਨੇ ਇਕ ਮਹੀਨੇ ’ਚ

image

ਸਿਡਨੀ, 6 ਦਸੰਬਰ : ਪਾਠਕ ਇਹ ਪੜ੍ਹ ਕੇ ਸ਼ਾਇਦ ਹੈਰਾਨ ਹੋਣ ਕਿ 10 ਸਾਲ ਦੀ ਇਕ ਕੁੜੀ ਅਪਣੇ ਖਿਡੌਣਿਆਂ ਦੇ ਵਪਾਰ ਨਾਲ ਇੰਨੀ ਕਮਾਈ ਕਰ ਲੈਂਦੀ ਹੈ ਕਿ ਉਹ ਆਰਾਮ ਨਾਲ 15 ਸਾਲ ਦੀ ਉਮਰ ਵਿਚ ਵੀ ਰਿਟਾਇਰਮੈਂਟ ਲੈ ਸਕਦੀ ਹੈ। ਪਿਕਸੀ ਕਰਟਿਸ ਨਾਮ ਦੀ ਇਸ ਕੁੜੀ ਨੂੰ ਕਾਰੋਬਾਰ ਸ਼ੁਰੂ ਕਰਨ ਵਿਚ ਉਸ ਦੀ ਮਾਂ ਰੌਕਸੀ ਨੇ ਕਾਫ਼ੀ ਮਦਦ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਇਕ ਮਹੀਨੇ ਵਿਚ ਹੀ ਪਿਕਸੀ ਨੇ ਇਕ ਕਰੋੜ 4 ਲੱਖ ਤੋਂ ਵੀ ਵੱਧ ਰੁਪਏ ਕਮਾ ਲਏ ਹਨ।    
    ‘ਮਿਰਰ’ ਵਿਚ ਛਪੀ ਇਕ ਖ਼ਬਰ ਮੁਤਾਬਕ ਆਸਟ੍ਰੇਲੀਆ ਦੀ ਰਹਿਣ ਵਾਲੀ ਪਿਕਸੀ ਅਪਣੀ ਮਾਂ ਨਾਲ ਮਿਲ ਕੇ ਫ਼ਿਜੇਟਸ ਅਤੇ ਰੰਗੀਨ ਪੋਪਿੰਗ ਖਿਡੌਣੇ ਬਣਾਉਂਦੀ ਹੈ। ਇਨ੍ਹਾਂ ਖਿਡੋਣਿਆਂ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਇਹ ਤੁਰਤ ਹੀ ਵਿਕ ਜਾਂਦੇ ਹਨ। ਇਸ ਦੇ ਇਲਾਵਾ ਪਿਕਸੀ ਦੇ ਨਾਮ ’ਤੇ ਇਕ ਹੇਅਰ ਐਕਸੈਸਰੀ ਬ੍ਰਾਂਡ ਵੀ ਹੈ ਜੋ ਕਿ ਖ਼ੁਦ ਉਸ ਦੀ ਮਾਂ ਰੌਕਸੀ ਨੇ ਬਣਾਇਆ ਹੈ। ਇਸ ਵਿਚ ਬਹੁਤ ਹੀ ਸਟਾਈਲਿਸ਼ ਅਤੇ ਖ਼ੂਬਸੂਰਤ ਹੈੱਡਬੈਂਡ, ਕਲਿਪ ਅਤੇ ਹੋਰ ਸਮਾਨ ਸ਼ਾਮਲ ਹੈ।
     ਰੌਕਸੀ ਨੇ ਇਕ ਇੰਟਰਵਿਊ ਵਿਚ ਦਸਿਆ ਕਿ ਮੇਰੇ ਲਈ ਜੋ ਸੱਭ ਤੋਂ ਰੋਮਾਂਚਕ ਚੀਜ਼ ਹੈ ਉਹ ਉੱਦਮੀ ਭਾਵਨਾ ਹੈ ਜੋ ਮੇਰੀ ਬੇਟੀ ਕੋਲ ਇੰਨੀ ਘੱਟ ਉਮਰ ਵਿਚ ਹੈ। ਜਦਕਿ ਇਹ ਹੁਨਰ ਮੇਰੇ ਅੰਦਰ ਕਦੇ ਨਹੀਂ ਸੀ। ਮੈਂ ਵੀ ਸਫ਼ਲ ਹੋਣਾ ਚਾਹੁੰਦੀ ਸੀ ਪਰ ਮੇਰੀ ਬੇਟੀ ਨੇ ਇੰਨੀ ਛੋਟੀ ਉਮਰ ਵਿਚ ਕਾਰੋਬਾਰ ਨੂੰ ਸਫ਼ਲ ਬਣਾ ਕੇ ਮੇਰਾ ਵੀ ਸੁਪਨਾ ਪੂਰਾ ਕਰ ਦਿਤਾ ਹੈ।  ਉਨ੍ਹਾਂ ਦਸਿਆ ਕਿ ਜਦੋਂ ਉਹ ਖ਼ੁਦ 14 ਸਾਲ ਦੀ ਸੀ ਤਾਂ ਉਸ ਸਮੇਂ ਉਹ ਮੈਕਡੋਨਾਲਡ ਵਿਚ ਨੌਕਰੀ ਕਰਦੀ ਸੀ ਅਤੇ ਸਿਰਫ਼ ਓਨਾ ਹੀ ਕਮਾ ਪਾਉਂਦੀ ਸੀ ਜੋ ਇਕ ਨੌਕਰੀ ਕਰਨ ਵਾਲਾ ਸ਼ਖ਼ਸ ਕਮਾ ਪਾਉਂਦਾ ਹੈ। ਰੌਕਸੀ ਨੇ ਕਿਹਾ ਕਿ ਮੇਰੀ ਬੇਟੀ ਦੇ ਕਾਰਨ ਹੀ ਮੈਨੂੰ ਉੱਦਮੀ ਬਣਨ ਦਾ ਮੌਕਾ ਮਿਲਿਆ ਅਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੇਰੀ ਬੇਟੀ ਨੂੰ ਉਹ ਸੱਭ ਇੰਨੀ ਛੋਟੀ ਉਮਰ ਵਿਚ ਹੀ ਮਿਲ ਗਿਆ ਜੋ ਕਿ ਮੈਨੂੰ ਹੁਣ ਜਾ ਕੇ ਮਿਲ ਰਿਹਾ ਹੈ। ਰੌਕਸੀ ਨੇ ਕਿਹਾ ਕਿ ਉਸ ਨੇ ਪਿਕਸੀ ਲਈ ਇਸ ਹਿਸਾਬ ਨਾਲ ਪਲਾਨਿੰਗ ਕੀਤੀ ਹੋਈ ਹੈ ਤਾਂ ਜੋ ਉਹ 15 ਸਾਲ ਦੀ ਉਮਰ ਵਿਚ ਹੀ ਰਿਟਾਇਰਮੈਂਟ ਲੈ ਸਕੇ। 
     ਪਿਕਸੀ ਹਾਲੇ ਸਿਡਨੀ ਦੇ ਇਕ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਹੈ ਪਰ ਇਸ ਉਮਰ ਵਿਚ ਵੀ ਪਿਕਸੀ ਅਤੇ ਉਸ ਦਾ ਭਰਾ ਕੋਲ ਇਕ ਕਰੋੜ 40 ਲੱਖ ਰੁਪਏ ਦੀ ਮਰਸੀਡੀਜ਼ ਕਾਰ ਹੈ। ਰੌਕਸੀ ਨੇ ਦਸਿਆ ਕਿ ਉਹ ਸਿਡਨੀ ਵਿਚ ਅਪਣੇ ਬੱਚਿਆਂ ਅਤੇ ਪਤੀ ਓਲੀਵਰ ਕਰਟਿਸ ਨਾਲ 49 ਕਰੋੜ 72 ਲੱਖ ਰੁਪਏ ਦੀ ਹਵੇਲੀ ਵਿਚ ਰਹਿੰਦੀ ਹੈ। ਸਾਲ 2012 ਵਿਚ ਉਸ ਦਾ ਵਿਆਹ ਓਲੀਵਰ ਨਾਲ ਹੋਇਆ ਸੀ। ਰੌਕਸੀ ਹੋਰ ਵੀ ਬਹੁਤ ਸਾਰੇ ਸਫ਼ਲ ਕਾਰੋਬਾਰ ਕਰਦੀ ਹੈ। (ਏਜੰਸੀ)