ਕਿਸਾਨ ਮੋਰਚਿਆਂ ’ਚ ਮਨਾਇਆ ਗਿਆ ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ
ਕਿਸਾਨ ਮੋਰਚਿਆਂ ’ਚ ਮਨਾਇਆ ਗਿਆ ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ
ਮੋਰਚਾ ਅੱਜ ਲਵੇਗਾ ਅਗਲੀ ਰਣਨੀਤੀ
ਨਵੀਂ ਦਿੱਲੀ, 6 ਦਸੰਬਰ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ: ਬਾਬਾ ਸਾਹਿਬ ਅੰਬੇਡਕਰ ਦਾ ਮਹਾਂ ਪਰਿਨਿਰਵਾਣ ਦਿਵਸ ਮਨਾਇਆ ਅਤੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਸਹੁੰ ਚੁੱਕੀ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਅਗਵਾਈ ਵਿਚ ਤਿਆਰ ਕੀਤੇ ਗਏ ਭਾਰਤ ਦੇ ਸੰਵਿਧਾਨ ਵਿਚ ਹਰ ਨਾਗਰਿਕ ਨੂੰ ਸਨਮਾਨ ਨਾਲ ਜੀਵਨ ਜਿਊਣ ਦਾ ਅਧਿਕਾਰ ਦਿਤਾ ਗਿਆ ਹੈ, ਜਿਸ ਨੂੰ ਯਕੀਨੀ ਬਣਾਉਣ ਲਈ ਐਸਕੇਐਮ ਸੰਘਰਸ ਕਰ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਹਰਿਆਣਾ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਗੱਲਬਾਤ ਚਲ ਰਹੀ ਹੈ, ਹਰਿਆਣਾ ਦੇ ਗ੍ਰਹਿ ਮੰਤਰੀ ਦਾ ਬਿਆਨ ਉਨ੍ਹਾਂ ਦੀ ਗ਼ੈਰ-ਜ਼ਿੰਮੇਵਾਰਾਨਾ ਅਤੇ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ 21 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਦਰਸਾਏ ਮੁੱਦਿਆਂ ’ਤੇ ਵਿਚਾਰ ਕਰਨ ਲਈ 5 ਮੈਂਬਰੀ ਕਮੇਟੀ ਨੂੰ ਕੇਂਦਰ ਸਰਕਾਰ ਤੋਂ ਅਜੇ ਤਕ ਕੋਈ ਸੰਚਾਰ ਨਹੀਂ ਮਿਲਿਆ ਹੈ, ਅਜਿਹੀ ਸਥਿਤੀ ਵਿਚ ਸੰਘਰਸ ਤੇਜ਼ ਕਰਨ ਦਾ ਭਵਿੱਖ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। 7 ਦਸੰਬਰ ਨੂੰ ਸਿੰਘੂ ਮੋਰਚਾ ਵਿਖੇ ਹੋਈ ਮੀਟਿੰਗ ਰਾਹੀਂ ਸੰਯੁਕਤ ਕਿਸਾਨ ਮੋਰਚਾ ਵਲੋਂ ਐਲਾਨ ਕੀਤਾ ਜਾਵੇਗਾ। ਅੱਜ ਕਿਸਾਨ ਆਗੂਆਂ ਗੁਰਨਾਮ ਸਿੰਘ ਚਡੂਨੀ ਅਤੇ ਯੁਧਵੀਰ ਸਿੰਘ ਆਦਿ ਨੇ ਸਿੰਘੂ ਬਾਰਡਰ ’ਤੇ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਸਰਕਾਰ ਵਲੋਂ ਹਾਲੇ ਤਕ ਕੋਈ ਗੱਲਬਾਤ ਦਾ ਸੱਦਾ ਨਹੀਂ ਆਇਆ ਜਿਸ ਕਾਰਨ 7 ਦਸੰਬਰ ਦੀ ਮੀਟਿੰਗ ਵਿਚ ਸਾਰੇ ਰਾਜਾਂ ਦੀ ਸਹਿਮਤੀ ਨਾਲ ਅਗਲਾ ਫ਼ੈਸਲਾ ਲਿਆ ਜਾਵੇਗਾ। (ਏਜੰਸੀ)