ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਲਈ ਵੱਡੀ ਕੁਰਬਾਨੀ ਦੇਣੀ

ਏਜੰਸੀ

ਖ਼ਬਰਾਂ, ਪੰਜਾਬ

ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਲਈ ਵੱਡੀ ਕੁਰਬਾਨੀ ਦੇਣੀ

image

ਮਲੇਰਕੋਟਲਾ, 7 ਦਸੰਬਰ (ਡਾ. ਮੁਹੰਮਦ ਸ਼ਹਿਬਾਜ਼) : ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਦੇ ਸਰਕਾਰੀ ਫ਼ੈਸਲੇ ਪਿੱਛੇ ਮਲੇਰਕੋਟਲਾ ਹਾਊਸ ਦੀ ਵੱਡੀ ਕੁਰਬਾਨੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਤੇ  ਸੇਵਾ ਮੁਕਤ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਦਸਿਆ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਬੁਨਿਆਦ ਉਨ੍ਹਾਂ (ਮੁਸਤਫ਼ਾ) ਦੀ ਕੁਰਬਾਨੀ ਉਪਰ ਰੱਖੀ ਗਈ ਹੈ ਅਤੇ ਇਸ ਇਤਿਹਾਸਕ ਸ਼ਹਿਰ ਨੂੰ ਜ਼ਿਲ੍ਹਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਸਗੋਂ ਰਾਹੁਲ ਗਾਂਧੀ ਨੇ ਬਣਾਇਆ ਹੈ। 
ਮੁਹੰਮਦ ਮੁਸਤਫ਼ਾ ਲੰਘੀ ਰਾਤ ਸਥਾਨਕ ਜਮਾਲਪੁਰਾ ਵਿਖੇ ਕਾਂਗਰਸ ਪਾਰਟੀ ਵਲੋਂ ਕਰਵਾਏ ਵਿਸ਼ਾਲ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਮੁਸਤਫ਼ਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਡੀ.ਜੀ.ਪੀ. ਨਾ ਲਗਾਏ ਜਾਣ ਪਿੱਛੋਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵੱਡੀ ਪੇਸ਼ਕਸ਼ ਕਰਦਿਆਂ ਕਿਹਾ ਸੀ ਕਿ ਮੈਂ ਤੁਹਾਨੂੰ ਡੀ.ਜੀ.ਪੀ. ਨਹੀਂ ਬਣਾ ਸਕਿਆ ਅਤੇ ਤੁਹਾਡੇ ਮੁੱਖ ਮੰਤਰੀ ਨੇ ਚਲਾਕੀ ਕੀਤੀ ਹੈ ਪ੍ਰੰਤੂ ਮੁਸਤਫ਼ਾ ਨੇ ਅਪਣੇ ਲਈ ਕੋਈ ਰੁਤਬਾ ਲੈਣ ਤੋਂ ਧਨਵਾਦ ਸਹਿਤ ਸਪੱਸ਼ਟ ਇਨਕਾਰ ਕਰਦਿਆਂ ਰਾਹੁਲ ਤੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਅਤੇ ਮਲੇਰਕੋਟਲਾ ’ਚ ਸਰਕਾਰੀ ਮੈਡੀਕਲ ਕਾਲਜ ਬਣਾਉਣ ਦੀ ਮੰਗ ਕੀਤੀ। 
ਪਿਛਲੇ ਸਾਢੇ ਚਾਰ ਵਰਿ੍ਹਆਂ ਦੇ ਵਿਕਾਸ ਬਾਰੇ ਸਵਾਲ ਖੜੇ ਕਰਨ ਵਾਲੇ ਵਿਰੋਧੀ ਨੇਤਾਵਾਂ ਉਪਰ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਿਛਲੇ 75 ਵਰਿ੍ਹਆਂ ਅੰਦਰ ਮਲੇਰਕੋਟਲਾ ਉਪਰ ਰਾਜ ਕਰਨ ਵਾਲੇ ਨਵਾਬਾਂ, ਬੇਗ਼ਮਾਂ ਤੇ ਹੋਰ ਵਜ਼ੀਰਾਂ ਵਿਧਾਇਕਾਂ ਨੂੰ ਆਵਾਮ ਵਲੋਂ ਇਹ ਪੁਛਿਆ ਜਾਣਾ ਚਾਹੀਦਾ ਹੈ ਕਿ ਉਹ 75 ਵਰਿ੍ਹਆਂ ਅੰਦਰ ਮਲੇਰਕੋਟਲਾ ’ਚ ਕਿਸੇ ਇਕ ਵੀ ਅਜਿਹੇ ਪ੍ਰੋਜੈਕਟ ਦਾ ਨਾਂ ਦੱਸਣ ਜਿਹੜਾ ਉਨ੍ਹਾਂ ਨੇ ਲਿਆਂਦਾ ਹੋਵੇ। ਉਨ੍ਹਾਂ ਮਾਣ ਨਾਲ ਕਿਹਾ ਕਿ ਜਦੋਂ ਵੀ ਭਵਿੱਖ ਵਿਚ ਮਲੇਰਕੋਟਲਾ ਜਿਲ੍ਹੇ, ਮੈਡੀਕਲ ਕਾਲਜ, ਸਰਕਾਰੀ ਬੀ.ਐਡ ਕਾਲਜ,  ਪੰਜਾਬ ਉਰਦੂ ਅਕੈਡਮੀ, ਮਹਿਲਾ ਥਾਣੇ, ਸਰਕਾਰੀ ਗਰਲਜ ਕਾਲਜ ਆਦਿ ਦੀ ਗੱਲ ਚੱਲੇਗੀ ਤਾਂ ਰਜ਼ੀਆ ਸੁਲਤਾਨਾ ਤੇ ਮੁਹੰਮਦ ਮੁਸਤਫ਼ਾ ਦੇ ਨਾਂ ਦਾ ਜ਼ਿਕਰ ਵੀ ਹੋਵੇਗਾ। ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਐਲਾਨ ਕੀਤਾ ਕਿ ਮਲੇਰਕੋਟਲਾ ਸ਼ਹਿਰ ਅੰਦਰ 10 ਕਰੋੜ ਰੁਪਏ ਦੀ ਲਾਗਤ ਨਾਲ ਅਤੇ 5 ਏਕੜ ਵਿਚ ਬਣਨ ਵਾਲੀ ਆਲੀਸ਼ਾਨ ਹੱਜ ਮੰਜ਼ਲ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰ ਦਿਤਾ ਜਾਵੇਗਾ।