‘ਜੈ ਜਵਾਨ ਜੈ ਕਿਸਾਨ ਪਾਰਟੀ’ ਨੇ ਟੀ.ਐਮ.ਸੀ. ਨਾਲ ਗਠਜੋੜ ਕਰਨ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

‘ਜੈ ਜਵਾਨ ਜੈ ਕਿਸਾਨ ਪਾਰਟੀ’ ਨੇ ਟੀ.ਐਮ.ਸੀ. ਨਾਲ ਗਠਜੋੜ ਕਰਨ ਦਾ ਕੀਤਾ ਐਲਾਨ

image

ਚੰਡੀਗੜ੍ਹ, 7 ਦਸੰਬਰ (ਅੰਕੁਰ ਤਾਂਗੜੀ): ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਥਾਪਤ ਸਿਆਸੀ ਪਾਰਟੀਆਂ ਨੂੰ ਇਕ ਨਵੇਂ ਗਠਜੋੜ ਤੋਂ ਸਖ਼ਤ ਚੁਨੌਤੀ ਮਿਲਣ ਵਾਲੀ ਹੈ। ਸਾਲ 2014 ਵਿਚ ਸਥਾਪਤ ‘ਜੈ ਜਵਾਨ ਜੈ ਕਿਸਾਨ ਪਾਰਟੀ’ ਇਨ੍ਹਾਂ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨਾਲ ਮਿਲ ਕੇ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਬਦਲਣ ਦੀ ਤਿਆਰੀ ਵਿਚ ਹੈ। ‘ਜੈ ਜਵਾਨ ਜੈ ਕਿਸਾਨ ਪਾਰਟੀ’ ਅਤੇ ਟੀ.ਐਮ.ਸੀ. ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ। ‘ਜੈ ਜਵਾਨ ਜੈ ਕਿਸਾਨ ਪਾਰਟੀ’ 87 ਸੀਟਾਂ ’ਤੇ ਅਤੇ ਤ੍ਰਿਣਮੂਲ ਕਾਂਗਰਸ 30 ਸੀਟਾਂ ’ਤੇ ਅਪਣੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਚੰਡੀਗੜ੍ਹ ਪ੍ਰੈੱਸ ਕਲੱਬ ’ਚ ਹੋਈ ਪ੍ਰੈੱਸ ਕਾਨਫ਼ਰੰਸ ’ਚ ਦੋਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ। ਇੰਨਾ ਹੀ ਨਹੀਂ ਇਸ ਮੌਕੇ ਜੈ ਜਵਾਨ ਜੈ ਕਿਸਾਨ ਪਾਰਟੀ-ਟੀਐਮਸੀ ਗਠਜੋੜ ਨੇ ਅਪਣਾ ਚੋਣ ਮੈਨੀਫ਼ੈਸਟੋ ਵੀ ਜਾਰੀ ਕੀਤਾ। 
ਇਸ ਮੌਕੇ ‘ਜੈ ਜਵਾਨ ਜੈ ਕਿਸਾਨ ਪਾਰਟੀ’ ਦੇ ਕੁਲ ਹਿੰਦ ਪ੍ਰਧਾਨ ਡਾ: ਬਲਜੀਤ ਸਿੰਘ ਔਲਖ, ਪੰਜਾਬ ਟੀ.ਐਮ.ਸੀ. ਦੇ ਪ੍ਰਧਾਨ ਮਨਜੀਤ ਸਿੰਘ, ਪੰਜਾਬ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਮਹਾਂ ਸਕੱਤਰ ਗੁਰਦੀਪ ਸਿੰਘ ਖ਼ਾਲਸਾ, ਪਾਰਟੀ ਦੇ ਉੱਤਰ ਭਾਰਤ ਦੇ ਪ੍ਰਧਾਨ ਦਵਿੰਦਰ ਸਿੰਘ ਰਾਮਗੜ੍ਹੀਆ, ਪਿਛੜੇ ਵਰਗਾਂ ਦੇ ਪ੍ਰਧਾਨ ਅਵਤਾਰ ਸਿੰਘ, ਅਟਲੀ ਬਰਾੜ, ਨੈਸ਼ਨਲ ਕਿਸਾਨ ਵਿੰਗ, ਰਾਜਦੀਪ ਕੌਰ, ਕੌਮੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਅਤੇ ਪਾਰਟੀ ਦੇ ਸਲਾਹਕਾਰ ਬਾਲ ਕ੍ਰਿਸ਼ਨ ਸੈਣੀ ਮੌਜੂਦ ਰਹੇ। ਦੋਹਾਂ ਪਾਰਟੀਆਂ ਨੇ ਅਪਣੇ 72 ਨੁਕਾਤੀ ਚੋਣ ਮਨੋਰਥ ਪੱਤਰ ਵਿਚ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਤਵਜੋਂ ਦਿਤੀ ਹੈ।
ਅਤੇ ਸਮਾਜ ਦੇ ਹਰ ਵਰਗ ਨੂੰ ਰਾਹਤ ਦੇਣ ਲਈ ਭਰਪੂਰ ਯਤਨ ਕੀਤਾ ਹੈ। ‘ਜੈ ਜਵਾਨ ਜੈ ਕਿਸਾਨ ਪਾਰਟੀ’ ਦਾ ਇਹ ਮੈਨੀਫ਼ੈਸਟੋ ਨਾ ਕੇਵਲ ਇਨਕਲਾਬੀ ਹੈ ਬਲਕਿ ਇਹ ਇਤਿਹਾਸਕ ਵੀ ਹੈ। ਇਸ ਚੋਣ ਮੈਨੀਫ਼ੈਸਟੋ ਵਿਚ ਸੂਬੇ ਵਿਚ ਵੱਧ ਰਹੀ ਬੇਰੁਜ਼ਗਾਰੀ ਨੂੰ ਖ਼ਾਸ ਤੌਰ ’ਤੇ ਅਹਿਮੀਅਤ ਦਿਤੀ ਗਈ ਹੈ। ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਸੱਤਾ ਸੰਭਾਲਦਿਆਂ ਹੀ ਸਰਕਾਰੀ ਨੌਕਰੀਆਂ ਵਿਚ ਠੇਕੇ ’ਤੇ ਭਰਤੀ ਕਰਨ ਦੀ ਪ੍ਰਥਾ ਨੂੰ ਖ਼ਤਮ ਕਰ ਦਿਤਾ ਜਾਵੇਗਾ। ਇੰਨਾ ਹੀ ਨਹੀਂ ਸਾਰੇ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਨਿਯੁਕਤੀ ਦੇ ਦਿਨ ਤੋਂ ਹੀ ਰੈਗੂਲਰ ਕਰ ਦਿਤਾ ਜਾਵੇਗਾ ਅਤੇ ਇਸ ਲਈ ਉਨ੍ਹਾਂ ਨੂੰ ਮਿਲਣ ਵਾਲੇ ਸਾਰੇ ਫ਼ਾਇਦੇ ਵੀ ਦਿਤੇ ਜਾਣਗੇ।
ਇਨ੍ਹਾਂ ਸਾਰੇ ਵਾਅਦਿਆਂ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਬਲਜੀਤ ਸਿੰਘ ਔਲਖ ਨੇ ਕਿਹਾ ਕਿ ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਲੋੜੀਂਦਾ ਪੈਸਾ ਇਕੱਠਾ ਕਰਨ ਵਿਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੈਸੇ ਦੀ ਸਮੱਸਿਆ ਉਨ੍ਹਾਂ ਦੇ ਸਾਹਮਣੇ ਨਹੀਂ ਆਵੇਗੀ ਕਿਉਂਕਿ ਉਹ ਪੂਰੀ ਇਮਾਨਦਾਰੀ ਨਾਲ ਅਪਣੀਆਂ ਯੋਜਨਾਵਾਂ ਨੂੰ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਟੈਕਸਦਾਤਾਵਾਂ ਦੇ ਪੈਸੇ ਦੀ ਸਹੀ ਵਰਤੋਂ ਹੋਵੇ। ਟੀ.ਐਮ.ਸੀ. ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ‘ਜੈ ਜਵਾਨ ਜੈ ਕਿਸਾਨ’ ਵਰਗੀ ਦੂਰ-ਅੰਦੇਸ਼ੀ ਪਾਰਟੀ ਨਾਲ ਉਨ੍ਹਾਂ ਦਾ ਗਠਜੋੜ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਆਮ ਆਦਮੀ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਸੰਕਲਪ ਲੈ ਕੇ ਇਕੱਠੇ ਹੋ ਕੇ ਚਲ ਰਹੀਆਂ ਹਨ ਅਤੇ ਪੰਜਾਬ ਦੀ ਜਨਤਾ ਇਸ ਗਠਬੰਧਨ ਨੂੰ ਹੀ ਸਵੀਕਾਰ ਕਰੇਗੀ।