ਲੁਧਿਆਣਾ ਪੁਲਿਸ ਵਲੋਂ ਲੁਟੇਰਾ ਗਰੋਹ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਪੁਲਿਸ ਵਲੋਂ ਲੁਟੇਰਾ ਗਰੋਹ ਕਾਬੂ

image

ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਨਕਦੀ ਸਮੇਤ ਤਿੰਨ ਮੁਲਜ਼ਮਾਂ ਨੂੰ ਕੀਤਾ ਗਿ੍ਰਫ਼ਤਾਰ
 

ਲੁਧਿਆਣਾ, 7 ਦਸੰਬਰ (ਹਰਪ੍ਰੀਤ ਸਿੰਘ ਮੱਕੜ) : ਲੁਧਿਆਣਾ ਪੁਲਿਸ ਕਮਿਸ਼ਨਰ ਨੇ ਅੱਜ ਫੋਕਲ ਪੁਆਇੰਟ ਖੇਤਰ ਵਿਚ ਪਿਛਲੇ ਮਹੀਨੇ ਹੋਈ ਇਕ ਹਾਈ ਪ੍ਰੋਫ਼ਾਈਲ ਲੁੱਟ ਦੇ ਮਾਮਲੇ ਨੂੰ ਸੁਲਝਾ ਕੇ ਲੁਟੇਰਿਆਂ ਦੇ ਇਕ ਗਰੋਹ ਦਾ ਪਰਦਾਫ਼ਾਸ਼ ਕਰ ਕੇ ਤਿੰਨ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ 15 ਨਵੰਬਰ ਨੂੰ ਫੋਕਲ ਪੁਆਇੰਟ ਇਲਾਕੇ ’ਚ ਮਨੀ ਐਕਸਚੇਂਜ ਦੀ ਦੁਕਾਨ ’ਤੇ ਲੁੱਟ ਦੀ ਘਟਨਾ ਵਾਪਰੀ ਸੀ। ਉਨ੍ਹਾਂ ਦਸਿਆ ਕਿ ਲੁਟੇਰਿਆਂ ਨੇ ਅੰਮ੍ਰਿਤ ਨੰਦਾ ਅਤੇ ਬਾਰਟਿਕਾ ਤੋਂ 5.80 ਲੱਖ ਰੁਪਏ ਦੀ ਨਕਦੀ ਖੋਹ ਲਈ ਸੀ। ਉਨ੍ਹਾਂ ਦਸਿਆ ਕਿ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਿਥੇ ਮਾਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ ਸੀ, ਉੱਥੇ ਹੀ ਬੇਟੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ।
  ਪੁਲਿਸ ਕਮਿਸ਼ਨਰ ਨੇ ਦਸਿਆ ਕਿ ਪੁਲਿਸ ਨੇ ਬੌਬੀ ਵਾਸੀ ਪਿੰਡ ਸਿੱਧੂਵਾਲ ਜ਼ਿਲ੍ਹਾ ਪਟਿਆਲਾ, ਸਲਿੰਦਰ ਮਿਸ਼ਰਾ ਵਾਸੀ ਲਖੀਮਪੁਰ ਖੇੜੀ ਉੱਤਰ ਪ੍ਰਦੇਸ਼ ਅਤੇ ਸੁਨੀਲ ਕੁਮਾਰ ਵਾਸੀ ਮਧੂਬਨੀ ਬਿਹਾਰ ਨੂੰ ਗਿ੍ਰਫ਼ਤਾਰ ਕੀਤਾ ਹੈ। ਜੁਰਮ ਲਈ ਵਰਤੀ ਜਾਣ ਵਾਲੀ ਦੇਸੀ ਪਿਸਤੌਲ ਬੌਬੀ ਨੇ ਉੱਤਰ ਪ੍ਰਦੇਸ਼ ਤੋਂ 10 ਲੱਖ ਰੁਪਏ ਵਿਚ ਖ਼ਰੀਦੀ ਸੀ। ਪੁਲਿਸ ਨੇ ਦੋ ਮੋਟਰਸਾਈਕਲਾਂ ਸਮੇਤ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚੋਂ ਇਕ ਚੋਰੀ ਦਾ ਅਤੇ ਦੂਜਾ ਖੋਹਿਆ ਗਿਆ ਸੀ, ਪੰਜ ਜ਼ਿੰਦਾ ਕਾਰਤੂਸ ਅਤੇ 1.05 ਲੱਖ ਰੁਪਏ ਦੀ ਨਕਦੀ, ਲੈਪਟਾਪ, ਇਕ ਬੈਗ ਅਤੇ ਤਿੰਨ ਏ.ਟੀ.ਐਮ. ਬਰਾਮਦ ਕੀਤੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਕੋਲੋਂ 19 ਨਵੇਂ ਮੋਬਾਈਲ ਫ਼ੋਨ, ਦੋ ਐਲ.ਸੀ. ਡੀਜ਼ ਅਤੇ ਦੋ ਹੋਮ ਥੀਏਟਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਲੈ ਲਿਆ ਗਿਆ ਹੈ ਤੇ ਪੁਲਿਸ ਵਲੋਂ ਅੱਗੇ ਦੀ ਤਫ਼ਤੀਸ਼ ਜਾਰੀ ਹੈ।