ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਹੁਣ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਏਗੀ : ਕੈਪਟਨ

ਏਜੰਸੀ

ਖ਼ਬਰਾਂ, ਪੰਜਾਬ

ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਹੁਣ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਏਗੀ : ਕੈਪਟਨ

image

ਕਿਹਾ, ਸਾਢੇ 4 ਸਾਲਾਂ ਵਿਚ 92 ਫ਼ੀ ਸਦੀ ਵਾਅਦੇ ਪੂਰੇ ਕੀਤੇ

ਚੰਡੀਗੜ੍ਹ, 6 ਦਸੰਬਰ (ਜੀ.ਸੀ.ਭਾਰਦਵਾਜ) : ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੇ ਜਾਣ ਦੇ ਢਾਈ ਮਹੀਨੇ ਉਪਰੰਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-9 ਵਿਚ ਅਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਦਾ ਦਫ਼ਤਰ ਖੋਲ੍ਹਣ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਜੋਸ਼ ਤੇ ਧੜੱਲੇ ਨਾਲ ਕਿਹਾ ਕਿ ਕੇਂਦਰ ਵਿਚ ਸੱਤਾਧਾਰੀ ਬੀਜੇਪੀ ਨਾਲ ਚੋਣ ਸਮਝੌਤਾ ਤੇ ਸੀਟਾਂ ਦੇ ਲੈਣ ਦੇਣ ਨਾਲ ਸੂਬੇ ਵਿਚ ਸਾਂਝੀ ਸਰਕਾਰ ਬਣਾਈ ਜਾਵੇਗੀ | ਇਸ ਸਬੰਧੀ ਸੁਖਦੇਵ ਸਿੰਘ ਢੀਂਡਸਾ ਗੁੱਟ ਦਾ ਵੀ ਸਾਥ ਲਿਆ ਜਾਵੇਗਾ |
ਉਦਘਾਟਨ ਮੌਕੇ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਪਿਛਲੇ 10 ਦਿਨ ਤੋਂ ਮੈਂਬਰਸ਼ਿਪ ਡਰਾਈਵ ਚਲਾਈ ਹੋਈ ਹੈ ਅਤੇ ਪਾਰਟੀ ਨਾਲ ਲੋਕ ਤੇ ਲੀਡਰ ਲਗਾਤਾਰ ਜੁੜ ਰਹੇ ਹਨ ਅਤੇ ਜ਼ਮੀਨ ਤੋਂ ਦਿਹਾਤੀ ਤੇ ਸ਼ਹਿਰੀ ਇਲਾਕਿਆਂ ਦੀ ਮਿਲੀ ਰੀਪੋਰਟ ਅਨੁਸਾਰ ਬੀਜੇਪੀ ਤੇ ਢੀਂਡਸਾ ਅਕਾਲੀ ਦਲ ਨਾਲ ਸੀਟ ਸਮਝੌਤਾ ਛੇਤੀ ਹੀ ਫ਼ਾਈਨਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅਗਲੇ ਬੀਜੇਪੀ ਪ੍ਰਧਾਨ, ਜਗਤ ਪ੍ਰਕਾਸ਼ ਨੱਡਾ ਅਤੇ ਹੋਰ ਸਿਰਕੱਢ ਨੇਤਾਵਾਂ ਨਾਲ ਨਵੀਂ ਦਿੱਲੀ ਵਿਚ ਜਾ ਕੇ ਚੋਣ ਸਮਝੌਤੇ ਤੇ ਸੀਟਾਂ ਦੇ ਲੈਣ ਦੇਣ ਸਬੰਧੀ ਗੱਲਬਾਤ ਕੀਤੀ ਜਾਵੇਗੀ, ਮਗਰੋਂ ਚੋਣ ਪ੍ਰਚਾਰ ਲਈ ਸਾਂਝੀ ਨੀਤੀ ਤੇ ਸਿਧਾਂਤ ਤਿਆਰ ਕੀਤੇ ਜਾਣਗੇ | ਪੱਤਰਕਾਰਾਂ ਵਲੋਂ ਕੀਤੇ ਅਨੇਕਾਂ ਸਵਾਲਾ ਦਾ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਚੋਣਾਂ ਦੇ ਸਰਕਾਰੀ ਐਲਾਨ ਅਤੇ ਚੋਣ ਜ਼ਾਬਤਾ ਲਾਗੂ ਹੋਣ 'ਤੇ ਬਹੁਤੇ ਕਾਂਗਰਸੀ ਮੰਤਰੀ, ਵਿਧਾਇਕ ਅਤੇ ਹੋਰ ਨੇਤਾ ਕਾਂਗਰਸ ਛੱਡ ਕੇ ਇਸ ਨਵੀਂ ਪਾਰਟੀ ਵਿਚ ਆਉਣਗੇ ਅਤੇ ਮਜ਼ਬੂਤੀ ਪ੍ਰਦਾਨ ਕਰਨਗੇ |
ਅਪਣੇ ਸਾਢੇ 4 ਸਾਲਾਂ ਦੇ ਸਮੇਂ ਬਾਰੇ ਪੁਛੇ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ 2017 ਚੋਣਾਂ ਦੇ ਮੈਨੀਫ਼ੈਸਟੋ ਵਿਚੋਂ 92 ਫ਼ੀ ਸਦੀ ਵਾਅਦੇ ਉਨ੍ਹਾਂ ਪੂਰੇ ਕਰ ਦਿਤੇ ਸਨ
 ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੋਜ਼ਾਨਾ ਕੀਤੇ ਜਾ ਰਹੇ ਐਲਾਨ ਇਕ ਡਰਾਮਾ ਹੈ ਕਿਉਂਕਿ ਇਨ੍ਹਾਂ ਨੂੰ  ਅਮਲੀ ਰੂਪ ਦੇਣਾ
ਇੰਨੇ ਥੋੜ੍ਹੇ ਸਮੇਂ ਵਿਚ ਅਸੰਭਵ ਹੈ | ਆਉਂਦੇ 2 ਹਫ਼ਤਿਆਂ ਵਿਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਅਤੇ ਸਾਰੇ ਐਲਾਨ ਤੇ ਨੋਟੀਫ਼ੀਕੇਸ਼ਨ ਧਰੇ ਧਰਾਏ ਰਹਿ ਜਾਣਗੇ | ਬੇਅਦਬੀ ਦੀਆਂ ਘਟਨਾਵਾਂ, ਨਸ਼ਿਆਂ ਦੀ ਵਿਕਰੀ, ਬਾਦਲ ਅਕਾਲੀ ਦਲ ਦੇ ਨੇਤਾਵਾਂ ਨੂੰ  ਜੇਲਾਂ ਵਿਚ ਸੁੱਟਣ ਅਤੇ ਕੁਰੱਪਸ਼ਨ ਦੇ ਮੁੱਦਿਆਂ 'ਤੇ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵਿਰੁਧ ਕੋਈ ਪੁਖ਼ਤਾ ਸਬੂਤ ਨਹੀਂ ਸਾਹਮਣੇ ਆਏ, ਐਵੇਂ ਉਨ੍ਹਾਂ ਨੂੰ  ਜੇਲਾਂ ਵਿਚ ਕਿਵੇਂ ਸੁੱਟ ਸਕਦੇ ਹਾਂ | ਕੈਪਟਨ ਨੇ ਕਿਹਾ,'ਗ਼ੈਰ ਕਾਨੂੰਨੀ ਮਾਈਨਿੰਗ ਅਤੇ ਹੋਰ ਮਹਿਕਮਿਆਂ ਵਿਚ ਪਿਛਲੇ 2 ਮਹੀਨਿਆਂ ਵਿਚ ਕੁਰੱਪਸ਼ਨ ਵਧੀ ਹੈ |' ਕੈਪਟਨ ਨੇ ਸਪੱਸ਼ਟ ਕਿਹਾ ਕਿ ਆਉਂਦੇ ਦਿਨਾਂ ਵਿਚ ਨਵੀਂ ਪਾਰਟੀ ਨੂੰ  ਚੋਣ ਨਿਸ਼ਾਨ ਮਿਲ ਜਾਵੇਗਾ, ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਪਾਰਟੀ ਦਫ਼ਤਰ ਖੋਲ੍ਹ ਕੇ ਮੈਂਬਰ ਬਣਾਉਣ ਦਾ ਸਿਲਸਿਲਾ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਕਾਂਗਰਸ ਨੂੰ  ਪੰਜਾਬ ਵਿਚੋਂ ਚਲਦਾ ਕਰਾਂਗੇ |
ਕੈਪਟਨ ਨੇ ਕਿਹਾ ਕਿ 'ਪੰਜਾਬ ਦਾ ਉਜਵਲ ਭਵਿੱਖ' ਸਾਡੀ ਪਾਰਟੀ ਦਾ ਮੁੱਖ ਚੋਣ ਮੁੱਦਾ ਹੋਵੇਗਾ ਅਤੇ ਪਾਰਟੀ ਦੇ ਸਿਧਾਂਤ ਤੇ ਨੀਤੀ ਸਬੰਧੀ ਮੈਨੀਫ਼ੈਸਟੋ ਤਿਆਰ ਕਰਨ ਲਈ 10 ਮਾਹਰਾਂ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਲੱਗੀ ਹੋਈ ਹੈ | ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਪੈਰ ਜਮਾਉਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਲ 20 ਵਿਧਾਇਕਾਂ ਵਿਚੋਂ 10-11 'ਆਪ' ਨੂੰ  ਛੱਡ ਗਏ, ਪਿਛਲੇ ਦਿਨੀਂ 2 ਵਿਧਾਇਕ ਰੁਬੀ ਰੁਪਿੰਦਰ ਅਤੇ ਜਗਤਾਰ ਜੱਗਾ ਕਾਂਗਰਸ ਵਿਚ ਜਾ ਵੜੇ, ਬਾਕੀ ਰਹਿੰਦੇ 9 ਵੀ ਤਿੰਨ ਚਾਰ ਗਰੁਪਾਂ ਵਿਚ ਹਨ | ਇਸ ਹਾਲਤ ਵਿਚ ਬਿਨਾਂ ਕਿਸੇ ਮਜ਼ਬੂਤ ਲੀਡਰ ਦੇ 'ਆਪ' ਵੀ ਪੰਜਾਬ ਵਿਚੋਂ ਸਾਫ਼ ਹੋ ਜਾਵੇਗੀ |
ਫ਼ੋਟੋ: ਸੰਤੋਖ ਸਿੰਘ