ਸੋਨੀਆ ਗਾਂਧੀ ਨੇ ਸੁਨੀਲ ਜਾਖੜ ਤੇ ਬਾਜਵਾ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਪੰਜਾਬ

ਸੋਨੀਆ ਗਾਂਧੀ ਨੇ ਸੁਨੀਲ ਜਾਖੜ ਤੇ ਬਾਜਵਾ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

image


ਜਾਖੜ ਨੂੰ  ਚੋਣ ਮੁਹਿੰਮ ਦੀ ਕਮਾਨ ਦੇਣ ਦੇ ਨਾਲ ਟਿਕਟਾਂ ਵੰਡਣ ਵਾਲੀ ਕਮੇਟੀ ਦਾ ਮੈਂਬਰ ਵੀ ਲਿਆ, ਬਾਜਵਾ ਹੋਣਗੇ ਮੈਨੀਫ਼ੈਸਟੋ ਕਮੇਟੀ ਦੇ ਚੇਅਰਮੈਨ, ਅੰਬਿਕਾ ਸੋਨੀ ਨੂੰ  ਤਾਲਮੇਲ ਕਮੇਟੀ ਦੀ ਕਮਾਨ

ਚੰਡੀਗੜ੍ਹ, 6 ਦਸੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਐਲਾਨ ਦੇ ਦਿਨ ਨੇੜੇ ਆਉਣ ਬਾਅਦ ਹੁਣ ਦੂਜੀਆਂ ਪ੍ਰਮੁੱਖ ਪਾਰਟੀਆਂ ਤੋਂ ਬਾਅਦ ਕਾਂਗਰਸ ਨੇ ਵੀ ਚੋਣ ਮੁਹਿੰਮ ਮਿਸ਼ਨ 2022 ਸ਼ੁਰੂ ਕਰਨ ਲਈ ਮੁਹਿੰਮ ਮਘਾਉਣ ਅਤੇ ਟਿਕਟਾਂ ਦੀ ਵੰਡ ਸਬੰਧੀ ਕਮੇਟੀਆਂ ਦਾ ਗਠਨ ਕਰ ਦਿਤਾ ਹੈ | ਚੋਣ ਮੁਹਿੰਮ, ਤਾਲਮੇਲ ਅਤੇ ਮੈਨੀਫ਼ੈਸਟੋ ਕਮੇਟੀ ਤੋਂ ਇਲਾਵਾ ਟਿਕਟਾਂ ਦੀ ਵੰਡ ਦਾ ਫ਼ੈਸਲਾ ਕਰਨ ਵਾਲੀ ਸਕਰੀਨਿੰਗ ਕਮੇਟੀ ਦਾ ਵੀ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਐਲਾਨ ਕਰ ਦਿਤਾ ਹੈ |
ਇਨ੍ਹਾਂ ਕਮੇਟੀਆਂ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ  ਵੱਡੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ | ਕੈਪਟਨ ਤੇ ਭਾਜਪਾ ਗਠਜੋੜ ਵਲੋਂ ਸ਼ਹਿਰੀ ਤੇ ਹਿੰਦੂ ਵੋਟ ਬੈਂਕ 'ਤੇ ਨਜ਼ਰ ਟਿਕਾਉਣ ਕਾਰਨ ਜਾਖੜ ਨੂੰ  ਵੱਡੀ ਜ਼ਿੰਮੇਵਾਰੀ ਦੇ ਕੇ ਕਾਂਗਰਸ ਨੇ ਵੀ ਹਿੰਦੂ ਵਰਗ ਨੂੰ  ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿਉਂਕਿ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਦੋਵੇਂ ਹੀ ਪਗੜੀਧਾਰੀ ਸਿੱਖ ਚਿਹਰੇ ਹਨ | ਇਨ੍ਹਾਂ ਕਮੇਟੀਆਂ ਵਿਚ ਜਾਖੜ ਨੂੰ  ਦੋਹਰੀ ਜ਼ਿੰਮੇਵਾਰੀ ਦਿਤੀ ਗਈ ਹੈ | ਉਹ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਦੇ ਨਾਲ ਨਾਲ ਟਿਕਟਾਂ ਵੰਡਣ ਵਾਲੀ ਕਮੇਟੀ ਵਿਚ ਵੀ ਮੈਂਬਰ ਹੋਣਗੇ |
ਟਿਕਟਾਂ ਵੰਡਣ ਵਾਲੀ ਕਮੇਟੀ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਕਮੇਟੀ ਵਿਚ ਚੇਅਰਮੈਨ ਸਣੇ ਚਾਰ ਪੰਜਾਬ ਤੋਂ ਬਾਹਰ ਦੇ ਮੈਂਬਰ ਲਏ ਗਏ ਹਨ | ਇਸ ਤੋਂ ਸਪੱਸ਼ਟ ਹੈ ਕਿ ਅੰਤਮ ਫ਼ੈਸਲਾ ਹਾਈਕਮਾਨ ਦਾ ਹੀ ਹੋਵੇਗਾ | ਪ੍ਰਤਾਪ ਸਿੰਘ ਬਾਜਵਾ ਨੂੰ  ਵੀ ਮੈਨੀਫ਼ੈਸਟੋ ਕਮੇਟੀ ਦਾ ਚੇਅਰਮੈਨ ਲਾ ਕੇ ਅਹਿਮ ਜ਼ਿੰਮੇਵਾਰੀ ਦਿਤੀ ਗਈ ਹੈ |