ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ‘ਸੰਕਲਪ ਪੱਤਰ’ ਜਾਰੀ ਕਰੇਗੀ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ‘ਸੰਕਲਪ ਪੱਤਰ’ ਜਾਰੀ ਕਰੇਗੀ

image

ਬਾਕੀ ਸਿਆਸੀ ਦਲਾਂ ਵਾਗ ਕੇਵਲ ਫੋਕੇ ਐਲਾਨ ਨਹੀਂ ਕਰਨੇ : ਅਸ਼ਵਨੀ ਸ਼ਰਮਾ

ਚੰਡੀਗੜ੍ਹ, 7 ਦਸੰਬਰ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੇ ਸਿਆਸੀ ਦਲਾਂ ਅਤੇ ਲੀਡਰਾ ਸਮੇਤ ਉਨ੍ਹਾਂ ਦੇ ਵਰਕਰਾਂ ਵਿਚ ਕਾਫ਼ੀ ਜੋਸ਼ ਹੈ ਅਤੇ ਹਰ ਪਾਰਟੀ ਆਉਂਦੀਆਂ ਚੋਣਾਂ ਵਿਚ ਬਹੁਮਤ ਹਾਸਲ ਕਰਨ ਦਾ ਦਾਅਵਾ ਕਰਦੀ ਹੈ। ਕਿਸਾਨ ਅੰਦੋਲਨ ਸਬੰਧੀ ਪ੍ਰਧਾਨ ਮੰਤਰੀ ਵਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਬਾਕੀ ਮੰਗਾਂ ’ਤੇ ਗੌਰ ਕਰਨ ਵਾਸਤੇ ਮਾਹਰਾਂ ਦੀ ਕਮੇਟੀ ਬਣਾ ਕੇ ਵਿਚਾਰ ਕਰਨ ਦੀ ਸਲਾਹ ਉਪਰੰਤ ਹੁਣ ਚੋਣਾਂ ਲਈ ਕੇਂਦਰੀ ਬਿੰਦੂ, ਦਿੱਲੀ ਤੋਂ ਬਦਲ ਕੇ 5 ਰਾਜਾਂ ਪੰਜਾਬ, ਯੂ.ਪੀ., ਉਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਰਾਜਧਾਨੀਆਂ ਵਿਚ ਪਹੁੰਚ ਗਿਆ ਹੈ।
ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਸਥਾਪਤ ਕਰਨ, ਇਸ ਦਾ ਨਵਾਂ ਦਫ਼ਤਰ ਖੋਲ੍ਹਣ ਅਤੇ ਪੁਰਾਣੇ ਸਾਥੀਆਂ-ਲੀਡਰਾਂ, ਨੂੰ ਇਸ ਪਾਰਟੀ ਵਿਚ ਰਲਾਉਣ ਸਮੇਤ ਬੀਜੇਪੀ ਨਾਲ ਚੋਣ ਸਮਝੌਤਾ ਪੱਕਾ ਕਰਨ ਤੇ ਅੱਜ ਸਿਸਵਾਂ ਫ਼ਾਰਮ ਤੇ ਮਨਜਿੰਦਰ ਸਿੰਘ ਸਿਰਸਾ ਤੇ ਗਜਿੰਦਰ ਸ਼ੇਖਾਵਤ ਵਲੋਂ ਕੈਪਟਨ ਨਾਲ ਲੰਮੀ ਮੁਲਾਕਾਤ ਕਰਨ ਦੇ ਪਿਛੋਕੜ ਵਿਚ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਕਾਨਫ਼ਰੰਸ ਵਿਚ ਕਿਹਾ ਕਿ ਸੂਬੇ ਵਿਚ ਨਵੀਂ ਬਣਨ ਵਾਲੀ ਸਰਕਾਰ ਵਿਚ ਬੀਜੇਪੀ ਦੀ ਅਹਿਮ ਭੂਮਿਕਾ ਹੋਵੇਗੀ। ਭਾਵੇਂ ਬੀਜੇਪੀ ਪ੍ਰਧਾਨ ਨੇ ਖ਼ੁਸ਼ੀ ਭਰੇ ਮਾਹੌਲ ਵਿਚ ਕੈਪਟਨ-ਸ਼ੇਖਾਵਤ-ਸਿਰਸਾ ਦੀ ਘੰਟਿਆਂਬੱਧੀ ਬੈਠਕ ਬਾਰੇ ਕੋਈ ਚਰਚਾ ਪ੍ਰੈਸ ਕਾਨਫ਼ਰੰਸ ’ਚ ਨਹੀਂ ਕੀਤੀ ਨਾ ਹੀ ਕੋਈ ਟਿਪਣੀ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਬਦਲਵੇਂ ਵਾਤਾਵਰਣ ਅਤੇ ਸਿਆਸਤ ਦੇ ਗਰਮ ਮਾਹੌਲ ਦੌਰਾਨ ਹੁਣ ਪਿਛਲੇ ਦਿਨਾਂ ਵਿਚ 5000 ਮਜ਼ਬੂਤ ਨੇਤਾ, ਵਰਕਰ ਤੇ ਸਿਰਕੱਢ ਲੀਡਰ ਬੀਜੇਪੀ ਵਿਚ ਸ਼ਾਮਲ ਜ਼ਰੂਰ ਹੋਏ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ’ਚ ਲਗਾਤਾਰ ਫੇਰੀਆਂ ਮਾਰਨਾ ਵੱਡੇ ਵੱਡੇ ਮੁਫ਼ਤਖੋਰੀਆਂ ਦੇ ਐਲਾਨ ਕਰਨੇ, ਦਿੱਲੀ ਦੇ ਸਕੂਲਾਂ ਦਾ ਮਾਡਲ, ਪੰਜਾਬ ਵਿਚ ਲਾਗੂ ਕਰਨ ਦੇ ਵਾਅਦੇ ਕਰਨੇ, ਰੇਤਾ ਬਜਰੀ, ਨਸ਼ਿਆਂ ਦੀ ਵਿਕਰੀ ਰੋਕਣ ਲਈ ਵੱਡੇ ਐਲਾਨਾਂ ਸਬੰਧੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੂਰੇ 5 ਸਾਲ, ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਥਾਂ ਇਸ ਦੇ ਮੰਤਰੀਆਂ, ਵਿਧਾਇਕਾਂ ਤੇ ਹੋਰ ਲੀਡਰਾਂ ਨੇ ਖ਼ੁਦ ਇਸ ‘ਗੰਦੇ ਖੇਲ’ ਵਿਚ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਵਿਚ ਨਸ਼ੇ ਹੋਰ ਵਾਧੂ ਫੈਲਾਏ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ਵਿਚ ਬੀਜੇਪੀ ਉਹੀ ਵਾਅਦੇ ਤੇ ਸੰਕਲਪ ਕਰੇਗੀ ਜੋ ਪੂਰੇ ਕਰਨ ਵਾਲੇ ਹੋਣਗੇ। ਪ੍ਰਧਾਨ ਨੇ ਕਿਹਾ ਕਿ ਬੀਜੇਪੀ ਇਕ ਮਜ਼ਬੂਤ ਕੇਡਰ ਵਾਲੀ ਪਾਰਟੀ ਹੈ, ਫ਼ਿਲਹਾਲ ਸਾਰੀਆਂ 117 ਸੀਟਾਂ ਤੋਂ ਉਮੀਦਵਾਰ ਖੜੇ ਕਰੇਗੀ ਅਤੇ ਮਜ਼ਬੂਤ ਕੇਡਰ ਦੇ ਸਿਰ ’ਤੇ ਅਗਲੀ ਸਰਕਾਰ ਗਠਨ ਵਾਸਤੇ ਮਿਹਨਤ ਕਰੀ ਜਾ ਰਹੀ ਹੈ। 
ਬੀਜੇਪੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ, ਅਰਵਿੰਦ ਕੇਜਰੀਵਾਲ ਤੇ ਹੋਰ ਨੇਤਾਵਾਂ ਨੂੰ ਫੋਕੇ ਐਲਾਨ ਤੇ ਵਾਅਦੇ ਨਹੀਂ ਕਰਨੇ ਚਾਹੀਦੇ ਕਿਉਂਕਿ ਪੰਜਾਬ ਸਿਰ 2,70,000 ਕਰੋੜ ਦਾ ਕਰਜ਼ਾ ਹੈ। ਸਸਤੀ ਸ਼ੁਹਰਤ ਵਾਸਤੇ, ਵੋਟਾਂ ਖ਼ਰੀਦਣ ਵਾਲੇ ਇਨ੍ਹਾਂ ਐਲਾਨਾਂ ਨਾਲ ਵਿੱਤੀ ਹਾਲਤ ਹੋਰ ਖਸਤਾ ਹੋ ਜਾਵੇਗੀ। ਪੰਜਾਬ ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਪ੍ਰਧਾਨ ਨੂੰ ਹੁਕਮ ਦਿਤਾ ਹੋਇਆ ਕਿ ਸਾਰੀਆਂ 117 ਸੀਟਾਂ ’ਤੇ ਪ੍ਰਚਾਰ ਸ਼ੁਰੂ ਰੱਖੋ, ਕੈਪਟਨ-ਢੀਂਡਸਾ ਗਰੁਪਾ ਨਾਲ ਚੋਣ ਸਮਝੌਤਾ ਤੇ ਸੀਟਾਂ ਦੀ ਵੰਡ, ਤੈਅ ਕਰਨ ਮਗਰੋਂ ਹੀ ਉਸ ਵੇਲੇ ਨੀਤੀ ਵਿਚ ਛੋਟਾ ਮੋਟਾ ਬਦਲਾਅ ਕਰ ਲਿਆ ਜਾਵੇਗਾ। ਪ੍ਰੈਸ ਕਾਨਫ਼ਰੰਸ ਮਗਰੋਂ ਪੰਜਾਬ ਦੇ 15 ਤੋਂ ਵੱਧ ਸਿਰਕੱਢ ‘ਆਪ’, ਬਸਪਾ, ਕਾਂਗਰਸੀ ਅਤੇ ਅਕਾਲੀ ਨੇਤਾ ਬੀਜੇਪੀ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਵਿਚ ਮਿਉਂਸਪਲ ਕਮੇਟੀ ਖੰਨਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਚੰਨੀ, ਮੱਖਣ ਸਿੰਘ, ਅਮਨਜੋਤ ਤੇ ਹੋਰ ਨੇਤਾ ਦੇ ਨਾਮ ਅਹਿਮ ਹਨ। ਅਸ਼ਵਨੀ ਸ਼ਰਮਾ ਨੇ ਦਸਿਆ ਚੋਣ ਤਰੀਕਾਂ ਦਾ ਐਲਾਨ ਹੋਣ ਉਪਰੰਤ ਹੀ ਵੱਡੀਆਂ ਰੈਲੀਆਂ ਹੋਣਗੀਆਂ, ਫ਼ਿਲਹਾਲ, ਘਰ-ਘਰ ਪਹੁੰਚ ਕੇ ਮਿਲਣ ਦਾ ਪ੍ਰੋਗਰਾਮ ਜਾਰੀ ਹੈ।
ਫ਼ੋਟੋ: ਸੰਤੋਖ ਸਿੰਘ ਵਲੋਂ