ਤਾਲਿਬਾਨ ਦੀ ਦਹਿਸ਼ਤ ’ਚ ਅਫ਼ਗ਼ਾਨ ਔਰਤਾਂ ਦਾ ਵਰਤਮਾਨ ਨਰਕ ਤੇ ਭਵਿੱਖ ਅਸੁਰੱਖਿਅਤ
ਤਾਲਿਬਾਨ ਦੀ ਦਹਿਸ਼ਤ ’ਚ ਅਫ਼ਗ਼ਾਨ ਔਰਤਾਂ ਦਾ ਵਰਤਮਾਨ ਨਰਕ ਤੇ ਭਵਿੱਖ ਅਸੁਰੱਖਿਅਤ
ਕਾਬੁਲ, 6 ਦਸੰਬਰ : ਤਾਲਿਬਾਨ ਨੇ 20 ਸਾਲਾਂ ਬਾਅਦ ਅਫ਼ਗ਼ਾਨਿਸਤਾਨ ’ਤੇ ਮੁੜ ਕਬਜ਼ਾ ਕਰ ਲਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਤਿਵਾਦੀ ਸਮੂਹ ਦੇ ਸ਼ਾਸਨ ਦੇ ਅਧੀਨ ਅਫ਼ਗ਼ਾਨ ਔਰਤਾਂ ਨੂੰ ਇਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਲਿਬਾਨ ਦਾ ਦੇਸ਼ ਵਿਚ ਦਾਖ਼ਲਾ ਅੰਤਰਰਾਸ਼ਟਰੀ ਫ਼ੌਜਾਂ ਪਿਛੇ ਹਟਣ ਤੋਂ ਬਾਅਦ ਹੋਇਆ ਹੈ। ਸੰਯੁਕਤ ਰਾਜ ਅਮਰੀਕਾ ਨੇ ਮਈ ਵਿਚ ਅਧਿਕਾਰਤ ਤੌਰ ’ਤੇ ਪਿਛੇ ਹਟਣਾ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਅਪਣਾ ਫ਼ੌਜੀ ਮਿਸ਼ਨ ਖ਼ਤਮ ਕਰਨ ਦੀ ਕਗਾਰ ’ਤੇ ਹੈ। ਪੱਛਮ ਦੀ ਇਕ ਪ੍ਰਮੁੱਖ ਮਹਿਲਾ ਪੱਤ੍ਰਿਕਾ ਫ਼ਾਰ ਨਾਈਨ ਅਨੁਸਾਰ, ਸੁਰੱਖਿਆ ਅਤੇ ਅਤਿਵਾਦ ਵਿਸ਼ਲੇਸ਼ਕ ਡਾ: ਸੱਜਣ ਗੋਹੇਲ ਨੇ ਕਿਹਾ ਕਿ ਉਥੋਂ ਦੀਆਂ ਔਰਤਾਂ ਤਾਲਿਬਾਨੀਆਂ ਤੋਂ ਡਰੀਆਂ ਹੋਈਆਂ ਹਨ। ਉਨ੍ਹਾਂ ਕਿਹਾ, ‘ਜਿਨ੍ਹਾਂ ਅਫ਼ਗ਼ਾਨ ਔਰਤਾਂ ਨਾਲ ਮੈਂ ਗੱਲ ਕੀਤੀ ਹੈ, ਉਨ੍ਹਾਂ ਅਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ 1990 ਦੇ ਦਹਾਕੇ ਵਿਚ ਅਫ਼ਗ਼ਾਨਿਸਤਾਨ ਦੇ ਲੋਕਾਂ ਨੇ ਜੋ ਕੱੁਝ ਵੇਖਿਆ ਸੀ, ਉਸ ਦੀ ਕੱੁਝ ਹੱਦ ਤਕ ਵਾਪਸੀ ਦੇਖਣ ਜਾ ਰਹੇ ਹਨ।
ਇਸ ਦੌਰਾਨ ਅਫ਼ਗ਼ਾਨਿਸਤਾਨ ਦੀਆਂ ਔਰਤਾਂ ਨੇ ਇਸ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਅਤਿਵਾਦੀ ਸਮੂਹ ਦਾ ਵਿਰੋਧ ਕੀਤਾ ਕਿ ਯੁੱਧ ਪ੍ਰਭਾਵਿਤ ਦੇਸ਼ ਵਿਚ ਭਵਿੱਖ ਦੀ ਕਿਸੇ ਵੀ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਕਿਵੇਂ ਕੀਤੀ ਜਾਵੇਗੀ। ਟੋਲੋ ਨਿਊਜ਼ ਅਨੁਸਾਰ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਭਵਿੱਖ ਦੀ ਕਿਸੇ ਵੀ ਸਰਕਾਰ ਵਿਚ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਉਥੇ ਹੀ ਔਰਤਾਂ ਦੇ ਅਧਿਕਾਰਾਂ ਦੇ ਮੁੱਦੇ ’ਤੇ ਕਈ ਭਰੋਸੇ ਦਿੰਦਿਆਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਔਰਤਾਂ ਨੂੰ ਇਸਲਾਮ ਦੇ ਆਧਾਰ ’ਤੇ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਫ਼ਗ਼ਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਕਾਬੁਲ ਵਿਚ ਹੋਏ ਪਹਿਲੇ ਪੱਤਰਕਾਰ ਸੰਮੇਲਨ ਵਿਚ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਤਾਲਿਬਾਨ ਔਰਤਾਂ ਨੂੰ ਇਸਲਾਮ ਦੇ ਅਧਾਰ ’ਤੇ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਔਰਤਾਂ ਸਿਹਤ ਖੇਤਰ ਅਤੇ ਹੋਰ ਸੈਕਟਰਾਂ ਵਿਚ ਜਿੱਥੇ ਜ਼ਰੂਰਤ ਹੈ ਕੰਮ ਕਰ ਸਕਦੀਆਂ ਹਨ। ਔਰਤਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। (ਏਜੰਸੀ)