ਅਸੀਂ ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ ਕਦੇ ਵੀ ਝੁਕਣ ਨਹੀਂ ਦੇਣੀ - ਭਗਵੰਤ ਮਾਨ
ਮਾਨ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀਆਂ ਰੀਝਾਂ ਹਨ ਉਨ੍ਹਾਂ ਨੂੰ ਸਰਕਾਰ ਪੂਰਾ ਕਰ ਸਕਦੀ ਹੈ।
ਹੁਸ਼ਿਆਰਪੁਰ : ਪੰਜਾਬ ਵਿਚ ਆਉਣ ਵਾਲਿਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਦੇ ਚਲਦਿਆਂ ਅੱਜ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਅਤੇ ਇਥੇ ਐੱਸ.ਸੀ. ਭਾਈਚਾਰੇ ਨਾਲ ਗਲਬਾਤ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਵੀ ਭਾਈਚਾਰੇ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਅਸੀਂ ਵੀ ਤੁਹਾਡੇ ਵਰਗੇ ਹਾਂ ਤੁਹਾਡੇ ਤੋਂ ਅਲਗ ਨਹੀਂ। ਉਨ੍ਹਾਂ ਦੱਸਿਆ ਕਿ ਮੈਨੂੰ ਹੋਰ ਸਿਆਸੀ ਪਾਰਟੀਆਂ ਵਲੋਂ ਆਪਣੇ ਵਲ ਆਉਣ ਦੀਆਂ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਹਨ ਮੈਂ ਇਸ ਦਾ ਜਵਾਬ ਇਸ ਢੰਗ ਨਾਲ ਦਿੱਤਾ :
''ਆਪਣੇ ਵਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ
ਪਰ ਸਮੁੰਦਰ ਵਿਚ ਜਾ ਕੇ ਉਹ ਮਰ ਜਾਂਦਾ ਹੈ
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਿਹਾ ਹਾਂ
ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ''
ਭਗਵੰਤ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ ਕਦੇ ਵੀ ਝੁਕਣ ਨਹੀਂ ਦੇਣੀ। ਉਨ੍ਹਾਂ ਕਿਹਾ ਕਿ ਗ਼ਰੀਬੀ ਵਿਹੜਿਆਂ ਅਤੇ ਬਸਤੀਆਂ ਵਿਚ ਰਹਿੰਦੀ ਹਾਈ ਪਰ ਸਬਸਿਡੀਆਂ ਵੱਡੇ ਵੱਡੇ ਉਦਯੋਗਪਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਬੈਂਕ ਦੇ ਲੋਨ ਅਤੇ ਕਰਜ਼ੇ ਵੀ ਮਾਫ ਕੀਤੇ ਜਾਂਦੇ ਹਨ।
''ਸ਼ੀਸ਼ਿਆਂ ਉਤੇ ਧੂੜ੍ਹਾਂ ਜੰਮਿਆਂ, ਕੰਧਾਂ ਝਾੜੀ ਜਾਂਦੇ ਨੇ
ਜਿਲਦਾਂ ਸਾਂਭੀ ਜਾਂਦੇ ਨੇ ਤੇ ਵਰਕੇ ਪਾੜੀ ਜਾਂਦੇ ਨੇ
ਉਨ੍ਹਾਂ ਦੇ ਵੀ ਤੁਸੀਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੋ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ''
ਉਨ੍ਹਾਂ ਕਿਹਾ ਕਿ ਗ਼ਰੀਬ ਦਾ ਬੱਚਾ ਬੇਗਾਨਿਆਂ ਦੀਆਂ ਆਤਿਸ਼ਬਾਜ਼ੀਆਂ ਦੇਖ ਕੇ ਹੀ ਦੀਵਾਲੀ ਮਨਾ ਲੈਂਦਾ ਹੈ। ਮਾਨ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀਆਂ ਰੀਝਾਂ ਹਨ ਉਨ੍ਹਾਂ ਨੂੰ ਸਰਕਾਰ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਤੀ ਜਾਵੇਗੀ ਜਿਸ ਨਾਲ ਉਨ੍ਹਾਂ ਦੀ ਵੱਡੀ ਮਦਦ ਹੋਵੇਗੀ।
ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਅਸਲੀ ਮਤਲਬ ਲੋਕਾਂ ਵਿਚ ਰਹਿਣ ਵਾਲੇ ਲੀਡਰ ਹੁੰਦਾ ਹੈ। ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ਤੇ ਅੱਜ ਐਲਾਨ ਕੀਤੇ ਹਨ ਇਹ ਫੋਕੇ ਨਹੀਂ ਸਗੋਂ ਦਿੱਲੀ ਵਿਚ ਲਾਗੂ ਹੋ ਚੁੱਕੇ ਹਨ ਅਤੇ ਸਫਲਤਾਪੂਰਵਕ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਾਡੀ ਲੈਬੋਟਰੀ ਹੈ ਅਤੇ ਉਥੇ ਪ੍ਰਯੋਗ ਕਰਨ ਤੋਂ ਬਾਅਦ ਸਫ਼ਲ ਨਤੀਜਾ ਮਿਲਣ 'ਤੇ ਹੀ ਇਨ੍ਹਾਂ ਨੂੰ ਪੰਜਾਬ ਵਿਚ ਲਾਗੂ ਕਰ ਰਹੇ ਹਾਂ।