ਦਿੱਲੀ ਵਾਂਗ ਗੁਜਰਾਤ ਦੇ ਨਤੀਜੇ ਵੀ ਹੋਣਗੇ ਹੈਰਾਨੀਜਨਕ: ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

 -ਕਿਹਾ, 'ਆਪ' ਨੇ ਅੱਜ ਦਿੱਲੀ ਅਤੇ ਦਿਲ ਦੋਵੇਂ ਜਿੱਤ ਲਏ

Like Delhi, Gujarat's results will also be surprising: Bhagwant Mann

 

ਦਿੱਲੀ/ਚੰਡੀਗੜ੍ਹ : ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਖ਼ਰਕਾਰ ਅੱਜ 15 ਸਾਲਾਂ ਬਾਅਦ ਜਨਤਾ ਜਿੱਤ ਗਈ ਅਤੇ ਨੇਤਾ ਲੋਕ ਹਾਰ ਗਏ ਹਨ।

ਬੁੱਧਵਾਰ ਨੂੰ ਦਿੱਲੀ 'ਚ 'ਆਪ' ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਗਰ ਨਿਗਮ ਨੂੰ ਵੀ ਠੀਕ ਕਰਨ ਦਾ ਮੌਕਾ ਮੰਗਿਆ ਸੀ। ਮਾਨ ਨੇ ਕਿਹਾ, "ਅੱਜ ਤੁਸੀਂ ਸਾਨੂੰ ਐਮਸੀਡੀ ਦਿੱਤੀ ਹੈ, ਇਸ ਲਈ ਇਹ ਤੁਹਾਡੀ ਜਿੱਤ ਹੈ, ਇਹ ਲੋਕਾਂ ਦੀ ਜਿੱਤ ਹੈ। ਤੁਸੀਂ ਸਿਆਸਤਦਾਨਾਂ ਨੂੰ ਹਰਾਇਆ ਹੈ। ਅਸੀਂ ਐਮਸੀਡੀ ਵਿੱਚ ਸੁਧਾਰ ਲਿਆਵਾਂਗੇ।"

 ਉਨ੍ਹਾਂ ਕਿਹਾ ਜਿਸ ਤਰ੍ਹਾਂ 15 ਸਾਲਾਂ ਬਾਅਦ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਜਨਤਾ ਦੀ ਜਿੱਤ ਹੋਈ ਉਸੇ ਤਰ੍ਹਾਂ ਕੱਲ੍ਹ ਗੁਜਰਾਤ ਵਿੱਚ ਵੀ ਚਮਤਕਾਰ ਦੇਖਣ ਨੂੰ ਮਿਲੇਗਾ। ਦਿੱਲੀ ਦੇਸ਼ ਦਾ ਦਿਲ ਹੈ ਅਤੇ ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਅਤੇ ਦਿਲ ਦੋਵੇਂ ਜਿੱਤ ਲਏ ਹਨ। ਮਾਨ ਨੇ ਕਿਹਾ, "ਕੱਲ੍ਹ ਸ਼ਾਮ ਤੱਕ ਗੁਜਰਾਤ ਚੋਣਾਂ ਦੇ ਨਤੀਜੇ ਵੀ ਆ ਜਾਣਗੇ ਅਤੇ ਉਹ ਵੀ ਇਸੇ ਹੈਰਾਨੀਜਨਕ ਹੋਣਗੇ। ਅਸੀਂ ਝੂਠੇ ਵਾਅਦੇ ਨਹੀਂ ਕਰਦੇ ਸਗੋਂ ਗਾਰੰਟੀ ਦਿੰਦੇ ਹਾਂ। ਅਸੀਂ 15 ਲੱਖ ਦੇਣ ਵਰਗੇ ਜੁਮਲੇ ਨਹੀਂ ਸੁਣਾਉਂਦੇ, ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਵੀ ਹਾਂ।"