ਦਿੱਲੀ ਨਗਰ ਨਿਗਮ ਚੋਣਾਂ ਵਿਚ 'ਆਪ' ਦੀ ਜਿੱਤ 'ਤੇ ਪਾਰਟੀ ਦੇ ਪੰਜਾਬ ਆਗੂਆਂ ਵਿੱਚ ਖੁਸ਼ੀ ਦੀ ਲਹਿਰ

ਏਜੰਸੀ

ਖ਼ਬਰਾਂ, ਪੰਜਾਬ

ਪਹਿਲੀ ਵਾਰ ਦਿੱਲੀ ਨਗਰ ਨਿਗਮ 'ਚ ਮੇਅਰ ਬਣਾਏਗੀ ਆਮ ਆਦਮੀ ਪਾਰਟੀ

Punjab leaders celebrate historic victory of AAP in MCD

ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਹਰਭਜਨ ਸਿੰਘ ਈ.ਟੀ.ਓ., ਲਾਲਚੰਦ ਕਟਾਰੂਚੱਕ ਅਤੇ ਲਾਲਜੀਤ ਭੁੱਲਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਭੰਗੜਾ ਪਾ ਕੇ ਮਨਾਇਆ ਜਸ਼ਨ

ਚੰਡੀਗੜ੍ਹ -  ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ 'ਤੇ ਪੰਜਾਬ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਜਿੱਤ ਦੀ ਖ਼ਬਰ ਸੁਣਦਿਆਂ ਹੀ 'ਆਪ' ਵਰਕਰਾਂ ਨੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ 'ਤੇ ਇਕੱਠੇ ਹੋ ਕੇ ਲੱਡੂ ਵੰਡ ਕੇ ਇਕ ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ।

ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਲਾਲਚੰਦ ਕਟਾਰੂਚੱਕ, ਹਰਭਜਨ ਸਿੰਘ ਈ.ਟੀ.ਓ ਅਤੇ ਲਾਲਜੀਤ ਭੁੱਲਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਢੋਲ ਦੀ ਤਾਲ 'ਤੇ ਭੰਗੜਾ ਪਾ ਕੇ ਜਿੱਤ ਦੀ ਖੁਸ਼ੀ ਮਨਾਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਆਗੂਆਂ ਨੇ ਕਿਹਾ ਕਿ ਦੇਸ਼ ਭਰ 'ਚ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੇ ਹਨ। ਦੇਸ਼ ਦੇ ਲੋਕ ਹੁਣ ਭਾਜਪਾ-ਕਾਂਗਰਸ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਚੰਗੇ ਬਦਲ ਵਜੋਂ ਦੇਖ ਰਹੇ ਹਨ। ਇਸੇ ਲਈ ਆਮ ਆਦਮੀ ਪਾਰਟੀ ਇੱਕ ਤੋਂ ਬਾਅਦ ਇੱਕ ਲਗਾਤਾਰ ਵੱਡੀਆਂ ਜਿੱਤਾਂ ਦਰਜ ਕਰ ਰਹੀ ਹੈ।

ਦਿੱਲੀ ਐਮਸੀਡੀ ਚੋਣਾਂ ਵਿੱਚ ਕੁੱਲ 250 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ 134 ਵਾਰਡ, ਭਾਰਤੀ ਜਨਤਾ ਪਾਰਟੀ ਨੇ 104, ਕਾਂਗਰਸ ਪਾਰਟੀ ਨੇ 9 ਵਾਰਡ ਜਿੱਤੇ ਅਤੇ 3 ਵਾਰਡ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਗਏ। ਐੱਮ ਸੀ ਡੀ ਵਿੱਚ ਬਹੁਮਤ ਲਈ 126 ਸੀਟਾਂ ਦੀ ਲੋੜ ਸੀ ਅਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਆਪਣਾ ਮੇਅਰ ਬਣਾਉਣ ਸਪੱਸ਼ਟ ਬਹੁਮਤ ਹਾਸਲ ਕੀਤਾ।

ਵੋਟ ਸ਼ੇਅਰ ਦੇ ਮਾਮਲੇ ਵਿਚ ਵੀ ਆਮ ਆਦਮੀ ਪਾਰਟੀ ਸਿਖਰ 'ਤੇ ਰਹੀ। ਪਾਰਟੀ ਨੂੰ 2017 ਦੀਆਂ ਚੋਣਾਂ ਵਿੱਚ 26% ਦੇ ਮੁਕਾਬਲੇ 42%, ਭਾਵ ਲਗਭਗ 16% ਵੱਧ ਵੋਟਾਂ ਮਿਲੀਆਂ। ਭਾਜਪਾ ਨੂੰ 39 ਅਤੇ ਕਾਂਗਰਸ ਨੂੰ ਸਿਰਫ਼ 12 ਫ਼ੀਸਦੀ ਵੋਟ ਮਿਲੇ।

 ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਕਰੀਬ 80 ਸੀਟਾਂ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਪਿਛਲੀ ਵਾਰ ਭਾਜਪਾ ਨੇ 181 ਸੀਟਾਂ ਜਿੱਤ ਕੇ ਆਪਣਾ ਮੇਅਰ ਬਣਾਇਆ ਸੀ, ਪਰ ਇਸ ਵਾਰ ਉਨ੍ਹਾਂ ਨੂੰ ਸਿਰਫ਼ 104 ਸੀਟਾਂ ਹੀ ਮਿਲ ਸਕੀਆਂ। ਕਾਂਗਰਸ ਪਾਰਟੀ ਇਸ ਵਾਰ ਦੋਹਰੇ ਅੰਕ ਨੂੰ ਵੀ ਨਹੀਂ ਛੂਹ ਸਕੀ ਅਤੇ ਉਨ੍ਹਾਂ ਦੇ ਸਿਰਫ਼ 9 ਕੌਂਸਲਰ ਹੀ ਚੋਣ ਜਿੱਤ ਸਕੇ।