Punjab News: ਪੌਣੇ ਦੋ ਕਰੋੜ ਰੁਪਏ ਦੇ ਸੋਨੇ ਦੀ ਲੁੱਟ ਮਾਮਲੇ ਵਿਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ; ਬਠਿੰਡਾ ਪੁਲਿਸ ਨੇ ਕੀਤੀ ਕਾਰਵਾਈ
ਇਸ ਮਾਮਲੇ ਵਿਚ ਇਕ ਪੁਲਿਸ ਕਾਂਸਟੇਬਲ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ।
Punjab News: ਸੰਗਰੂਰ ਵਿਚ ਗੁਜਰਾਤ ਦੀ ਇਕ ਕੰਪਨੀ ਦੇ ਕਰਮਚਾਰੀ ਤੋਂ 2.25 ਕਰੋੜ ਰੁਪਏ ਦਾ ਸੋਨਾ ਲੁੱਟਣ ਦੇ ਮਾਮਲੇ 'ਚ ਬਠਿੰਡਾ ਪੁਲਿਸ ਨੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੈਰਾਮ ਵਾਸੀ ਫਿਰੋਜ਼ਪੁਰ ਅਤੇ ਨਿਸ਼ਾਨ ਸਿੰਘ ਵਾਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਇਸ ਮਾਮਲੇ ਵਿਚ ਇਕ ਪੁਲਿਸ ਕਾਂਸਟੇਬਲ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ।
ਮੁਲਜ਼ਮ ਕਾਂਸਟੇਬਲ ਦਾ ਨਾਂਅ ਆਸ਼ੀਸ਼ ਕੁਮਾਰ ਹੈ ਅਤੇ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸਿਟੀ ਥਾਣੇ ਵਿਚ ਤਾਇਨਾਤ ਹੈ। ਸੋਨੇ ਦੀ ਲੁੱਟ ਦੀ ਇਹ ਘਟਨਾ ਸੰਗਰੂਰ ਰੇਲਵੇ ਸਟੇਸ਼ਨ 'ਤੇ ਵਾਪਰੀ ਅਤੇ ਇਸ 'ਚ ਕੁੱਲ 4 ਵਿਅਕਤੀ ਸ਼ਾਮਲ ਸਨ। ਇਨ੍ਹਾਂ ਵਿਚੋਂ ਦੋ ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਹੀ ਲੁੱਟਿਆ ਗਿਆ ਸੋਨਾ ਬਰਾਮਦ ਕਰ ਲਿਆ ਸੀ। ਮਾਮਲੇ ਵਿਚ ਅਜੇ ਇਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਬਠਿੰਡਾ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸਾਹਿਲ ਨਾਂਅ ਦੇ ਨੌਜਵਾਨ ਨੇ ਦਸਿਆ ਕਿ ਉਹ ਸ਼੍ਰੀਬ੍ਰਾਈਟ ਮੈਜਿਕ ਕੰਪਨੀ ਵਿਚ ਕੰਮ ਕਰਦਾ ਹੈ। ਇਸ ਕੰਪਨੀ ਦਾ ਦਫ਼ਤਰ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਹੈ। ਇਹ ਕੰਪਨੀ ਆਰਡਰ 'ਤੇ ਸੋਨਾ ਬਣਾਉਂਦੀ ਅਤੇ ਸਪਲਾਈ ਕਰਦੀ ਹੈ। ਰਾਜੂ ਰਾਮ ਨਾਂਅ ਦਾ ਮੁਲਾਜ਼ਮ 3 ਕਿਲੋ 760 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਰੇਲ ਗੱਡੀ ਰਾਹੀਂ ਦਿੱਲੀ ਤੋਂ ਬਠਿੰਡਾ ਆ ਰਿਹਾ ਸੀ। ਇਹ ਸੋਨੇ ਦੇ ਗਹਿਣੇ ਇਕ ਬੈਗ ਵਿਚ ਸਨ। ਜਦੋਂ ਰੇਲ ਗੱਡੀ ਸੰਗਰੂਰ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਚਾਰ ਅਣਪਛਾਤੇ ਵਿਅਕਤੀ ਰਾਜੂ ਰਾਮ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ |
ਰਾਜੂ ਰਾਮ ਅਨੁਸਾਰ ਹਨੇਰੇ ਦਾ ਫਾਇਦਾ ਉਠਾ ਕੇ ਉਸ ਕੋਲੋਂ ਬੈਗ ਖੋਹਣ ਵਾਲੇ ਚਾਰ ਨੌਜਵਾਨਾਂ ਵਿਚੋਂ ਦੋ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਸ਼ਿਕਾਇਤ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਚਾਰ ਅਣਪਛਾਤੇ ਨੌਜਵਾਨਾਂ ਵਿਰੁਧ ਕੇਸ ਦਰਜ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਅਪਣੇ ਨੈੱਟਵਰਕ ਦੀ ਮਦਦ ਨਾਲ ਬਦਮਾਸ਼ਾਂ ਨੂੰ ਟਰੇਸ ਕਰਕੇ ਬਠਿੰਡਾ ਦੇ ਬੀਪੀ ਵਾਲਾ ਚੌਂਕ ਵਿਚ ਘੇਰ ਲਿਆ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਦੌਰਾਨ ਬਦਮਾਸ਼ ਬੈਗ ਹਨੇਰੇ ਵਿਚ ਸੁੱਟ ਕੇ ਫ਼ਰਾਰ ਹੋ ਗਏ।
(For more news apart from Two more accused arrested in gold robbery case, stay tuned to Rozana Spokesman)