ਕੱਲ੍ਹ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਮੁੜ ਕਰੇਗਾ ਦਿੱਲੀ ਕੂਚ- ਸਰਵਣ ਸਿੰਘ ਪੰਧੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੱਲ੍ਹ ਸਾਡੇ ਕੋਲ ਕੋਈ ਮਾਰੂ ਹਥਿਆਰ ਨਹੀਂ ਸਨ: ਪੰਧੇਰ

101 farmers will march from Shambhu border to Delhi tomorrow - Sarwan Singh Pandher

ਚੰਡੀਗੜ੍ਹ: ਦਿੱਲੀ ਕੂਚ 'ਤੇ ਇਕ ਦਿਨ ਦੇ ਸਟੇਅ ਮਗਰੋਂ ਹੁਣ ਕਿਸਾਨ ਜੱਥੇਬੰਦੀਆਂ ਨੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਦਾ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਤਾਂ ਭਲਕੇ ਮਤਲਬ ਕਿ 8 ਦਸੰਬਰ ਨੂੰ ਮੁੜ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ। ਪੰਧੇਰ ਨੇ ਕਿਹਾ ਕਿ ਅਸੀਂ ਸਿਰਫ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰ ਰਹੇ ਹਾਂ।

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਫਿਲਹਾਲ ਜਾਰੀ ਹੈ। ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਵੀ ਜਾਣਿਆ ਗਿਆ। ਹਰਿਆਣਾ ਪੁਲਿਸ ਨੇ ਗੱਲਬਾਤ ਲਈ ਕੋਈ ਲਿਖਤੀ ਸੱਦਾ ਨਹੀਂ ਭੇਜਿਆ।  ਪੰਧੇਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਜਥੇ ਵਿਚ ਜ਼ਖ਼ਮੀ ਹੋਏ ਕਿਸਾਨਾਂ ਵਿਚੋਂ 16 ਕਿਸਾਨ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਕਿਸਾਨ ਹਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਮੀਡੀਆ ਕਰਮੀਆਂ ਲਈ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੂੰ ਸ਼ੰਭੂ ਸਰਹੱਦ ਜਾਂ ਕਿਸੇ ਹੋਰ ਥਾਂ 'ਤੇ ਭੀੜ ਤੋਂ ਸਹੀ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪੱਤਰ ਵਿੱਚ ਪੰਜਾਬ ਦੇ ਡੀਜੀਪੀ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਮੀਡੀਆ ਕਰਮਚਾਰੀਆਂ ਨੂੰ ਸਰਹੱਦ ਤੋਂ ਘੱਟੋ-ਘੱਟ 1 ਕਿਲੋਮੀਟਰ ਦੂਰ ਰੋਕਿਆ ਜਾਵੇ।