ਕੇਜਰੀਵਾਲ ਦੇ ਦੂਤ ਵਜੋਂ ਮਾਨ ਨੇ ਬ੍ਰਹਮਪੁਰਾ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰਖਦੇ ਹੋਏ.........

Bhagwant Mann with Ranjit Singh Brahmpura

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰਖਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮੁਲਾਕਾਤ ਕਰਨ ਲਈ ਐਤਵਾਰ ਰਾਤ ਨੂੰ ਭੇਜਿਆ ਅਤੇ ਭਗਵੰਤ ਮਾਨ ਨੇ ਇਸ ਗੱਲ ਨੂੰ ਸਿਰੇ ਚਾੜ੍ਹਨ ਲਈ ਜਥੇਦਾਰ ਬ੍ਰਹਮਪੁਰਾ ਨਾਲ ਉਨ੍ਹਾਂ ਦੇ ਗ੍ਰਹਿ ਸਥਾਨ ਅੰਮ੍ਰਿਤਸਰ ਪਹੁੰਚ ਕੇ ਮੀਟਿੰਗ ਕੀਤੀ ਅਤੇ ਰਾਤ ਦਾ ਭੋਜਨ ਕੀਤਾ। ਮੀਟਿੰਗ 'ਚ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਮੌਜੂਦ ਸਨ।

ਮੁਲਾਕਾਤ ਕਰੀਬ 2 ਘੰਟਾ ਚੱਲੀ, ਜਿਸ ਦੌਰਾਨ ਇਸ ਗੱਲ ਉੱਤੇ ਚਰਚਾ ਕੀਤੀ ਗਈ ਕਿ ਕਾਂਗਰਸ ਅਤੇ ਬਾਦਲ ਪਰਵਾਰ ਦੋਵਾਂ ਧਿਰਾਂ ਦੀਆਂ ਗ਼ਲਤ ਨੀਤੀਆਂ ਵਿਰੁਧ ਇਕੱਠੇ ਹੋ ਕੇ ਰਣਨੀਤੀ ਤਿਆਰ ਕੀਤੀ ਜਾਵੇ ਅਤੇ ਪੰਜਾਬ ਦੀ ਜਨਤਾ ਨੂੰ ਰਾਹਤ ਅਤੇ ਸ਼ਾਂਤੀ ਦਾ ਮਾਹੌਲ ਦਿਤਾ ਜਾਵੇ । ਸ. ਬ੍ਰਹਮਪੁਰਾ ਨੇ ਕਿਹਾ ਕਿ ਹਮਖ਼ਿਆਲ ਪਾਰਟੀਆਂ ਨੂੰ ਇੱਕੋ ਪਲੇਟਫ਼ਾਰਮ 'ਤੇ ਇਕੱਠਾ ਕਰ ਕੇ ਪੰਜਾਬ ਦੀ ਜਨਤਾ ਨੂੰ ਬਚਾਉਣ ਲਈ ਲੋਕ ਸਭਾ ਚੋਣਾਂ ਅਤੇ ਇਸ ਦੇ ਮਗਰੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਗ਼ਲਤ ਬੰਦਿਆਂ ਨੂੰ ਨਕਾਰਿਆ ਜਾਵੇ ਅਤੇ ਸੂਝਵਾਨ ਪੰਜਾਬ ਦੀ ਜਨਤਾ ਦੀ ਭਲਾਈ ਕਰਨ ਵਾਲਿਆਂ ਨੂੰ ਸ਼ਾਸਨ ਦੀ ਡੋਰ ਦਿਤੀ ਜਾਵੇ।

ਉਨ੍ਹਾਂ ਇਸ ਗੱਲ ਵਲ ਵੀ ਧਿਆਨ ਦਵਾਇਆ ਕਿ ਪੁਰਾਣੀ ਕਹਾਵਤ ਹੈ ਕਿ ਚੋਰਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ ਇਸੇ ਲਈ ਬਾਦਲਾਂ ਨੇ ਟਕਸਾਲੀਆਂ ਨੂੰ ਕਾਂਗਰਸ ਦੀ ਬੀ-ਟੀਮ ਆਖਿਆ ਹੈ ਜਦ ਕਿ ਇਹ ਬਾਦਲ ਪਰਵਾਰ ਖ਼ੁਦ ਸਾਲੇ ਸਮੇਤ ਕਾਂਗਰਸ ਦੀ ਬੀ-ਟੀਮ ਵਜੋਂ ਕੰਮ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਵੱਡਾ ਧੱਕਾ ਅਤੇ ਪਹੁੰਚਾ ਰਹੇ ਹਨ। ਬ੍ਰਹਮਪੁਰਾ ਅਤੇ ਭਗਵੰਤ ਮਾਨ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਪੰਜਾਬ ਦਾ ਬੱਚਾ-ਬੱਚਾ ਪੰਜਾਬ ਵਿਚ ਸਿਆਸੀ ਬਦਲਾਅ ਚਾਹੁੰਦਾ ਹੈ ਅਤੇ ਇਹ ਬਦਲਾਅ ਹਮਖ਼ਿਆਲ ਪਾਰਟੀਆਂ ਮਿਲ ਕੇ ਹੀ ਲਿਆ ਸਕਦੀਆਂ ਹਨ।