ਖੇਤੀ ਕਾਨੂੰਨ: ਭਗਵੰਤ ਮਾਨ ਦਾ ਕੈਪਟਨ ‘ਤੇ ਨਿਸ਼ਾਨਾ, ਕੇਂਦਰ ਨਾਲ ਮਿਲੀਭੁਗਤ ਸਵੀਕਾਰਨ ਦੀ ਸਲਾਹ
ਖੇਤੀ ਕਾਨੂੰਨਾਂ ਸਬੰਧੀ ਪਾਸ ਕੀਤੇ ਕਾਨੂੰਨ ਦਾ ਰਾਸ਼ਟਰਪਤੀ ਕੋਲ ਨਾ ਪਹੁੰਚਣ ਤੇ ਚੁਕੇ ਸਵਾਲ
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਜਾਰੀ ਘਮਾਸਾਨ ਦਰਮਿਆਨ ਸਿਆਸੀ ਧਿਰਾਂ ਵੀ ਇਕ-ਦੂਜੇ ਨੂੰ ਘੇਰਨ ਵਿਚ ਜੁਟੀਆਂ ਹੋਈਆਂ ਹਨ। ਇਸੇ ਤਹਿਤ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਖੇਤੀ ਕਾਨੂੰਨਾਂ ਸਬੰਧੀ ਪਾਸ ਕੀਤੇ ਕਾਨੂੰਨ ਰਾਸ਼ਟਰਪਤੀ ਕੋਲ ਨਾ ਪਹੁੰਚਣ ਕਾਰਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਇਸ ਦੇਰੀ ਨੂੰ ਗਵਰਨਰ ਦੀ ਮਿਲੀਭੁਗਤ ਦਾ ਨਤੀਜਾ ਕਰਾਰ ਦਿਤਾ ਜੋ ਮੋਦੀ-ਸ਼ਾਹ ਦੀ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਕਾਨੂੰਨ ਬਣਾਉਣ ਦੀ ਡਰਾਮੇਬਾਜ਼ੀ ਕੀਤੀ ਸੀ ਜੋ ਅੱਜ 79 ਦਿਨ ਬੀਤਣ ਦੇ ਬਾਅਦ ਵੀ ਉਹ ਗਵਰਨਰ ਕੋਲ ਪਏ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹਾ ਕੀਤਾ ਸੀ, ਜੇਕਰ ਸੱਚੇ ਦਿਲੋਂ ਕਿਸਾਨਾਂ ਦੀ ਕੋਈ ਚਿੰਤਾਂ ਹੁੰਦੀ ਤਾਂ ਉਹ ਇਸਦੀ ਪੈਰਵਾਈ ਕਰਦੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਸਬੰਧੀ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਬੋਲ ਦਿੱਤਾ ਹੈ।
ਹੈਰਾਨੀ ਦੀ ਗੱਲ ਹੈ ਕਿ ਵਕੀਲਾਂ ਦੀ ਐਨੀ ਵੱਡੀ ਫੌਜ ਹੁੰਦੇ ਹੋਏ ਵੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲਕੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਅਸਲ ਵਿੱਚ ਉਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਕੁਝ ਨਹੀਂ ਕਰਨਾ। ਰਾਜਪਾਲ 'ਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ 'ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਪੰਜਾਬ ਦੇ ਕਿਸਾਨਾਂ ਨੂੰ ਨਿਆਂ ਦੇਣ ਤੋਂ ਮਨਾਂ ਕਰ ਰਹੇ ਹਨ। ਪੁੱਤ ਮੋਹ ਦੇ ਚਲਦਿਆਂ ਈਡੀ ਦੇ ਕੇਸਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਪੈਰ-ਪੈਰ 'ਤੇ ਧੋਖਾ ਦਿੱਤਾ ਹੈ।