ਮੁੱਖ ਮੰਤਰੀ ਵਲੋਂ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਲਈ ਭਲਾਈ ਸਕੀਮਾਂ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਲਈ ਭਲਾਈ ਸਕੀਮਾਂ ਦੀ ਸ਼ੁਰੂਆਤ

image

ਜਨਵਰੀ ਮਹੀਨਾ ਬਾਲੜੀਆਂ ਨੂੰ ‘ਧੀਆਂ ਦੀ ਲੋਹੜੀ’ ਵਜੋਂ ਸਮਰਪਤ
 

ਚੰਡੀਗੜ੍ਹ, 7 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਸੂਬੇ ਵਿਚ ਹਾਈ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਲਈ ਮੁਫ਼ਤ ਸੈਨੇਟਰੀ ਪੈਡਾਂ ਸਮੇਤ ਕਈ ਵੱਡੇ ਭਲਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਸੂਬੇ ਨੇ ਵਿਕਾਸ ਤੇ ਤਰੱਕੀ ਦੇ ਇਕ ਨਵੇਂ ਯੁੱਗ ਵਲ ਪੁਲਾਂਘ ਪੁੱਟ ਦਿਤੀ ਹੈ। 
   ਮੁੱਖ ਮੰਤਰੀ ਨੇ ਹਜ਼ਾਰਾਂ ਹੀ ਝੁੱਗੀ-ਝੌਂਪੜੀ ਵਾਲਿਆਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਅਮਲੀ ਰੂਪ ਦਿਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਇਸ ਦੇ ਨਾਲ ਪੰਜਾਬ ਨੇ ਹੀ 75.64 ਕਰੋੜ ਰੁਪਏ ਦੀ ਲਾਗਤ ਵਾਲੇ ਸਮਾਰਟ ਮੀਟਰਿੰਗ ਪ੍ਰਾਜੈਕਟ ਤੇ ਉਪਭੋਗਤਾਵਾਂ ਵਲੋਂ ਈ-ਫ਼ਾਈÇਲੰਗ ਰਾਹੀਂ ਸ਼ਿਕਾਇਤਾਂ ਦਾਇਰ ਕਰਨ ਲਈ ਈ-ਦਾਖ਼ਲ ਪੋਰਟਲ ਦੀ ਸ਼ੁਰੂਆਤ ਨਾਲ ਡਿਜੀਟਲ ਖੇਤਰ ਵਿਚ ਵੱਡੀ ਮੱਲ ਮਾਰੀ ਹੈ। ਮੁੱਖ ਮੰਤਰੀ ਵਲੋਂ ਵਰਚੂਅਲ ਢੰਗ ਨਾਲ ਸ਼ੁਰੂ ਕੀਤੀਆਂ ਗਈਆਂ ਦੋ ਹੋਰ ਸਕੀਮਾਂ ਦੇ ਕੇਂਦਰ ਵਿਚ ਨੌਜਵਾਨਾਂ ਅਤੇ ਛੋਟੀਆਂ ਬੱਚੀਆਂ ਨੂੰ ਰਖਿਆ ਗਿਆ ਹੈ। ਇਸ ਦੇ ਨਾਲ ਹੀ ਜਨਵਰੀ ਦੇ ਮਹੀਨੇ ਨੂੰ ‘ਧੀਆਂ ਦੀ ਲੋਹੜੀ’ ਨੂੰ ਸਮਰਪਤ ਕਰਨ ਤੋਂ ਇਲਾਵਾ ਨੌਜਵਾਨ ਪਨੀਰੀ ਵਿਚ ਖੇਡ ਸੱਭਿਆਚਾਰ ਵਿਕਸਿਤ ਕਰਨ ਅਤੇ ਨਰੋਈ ਸਿਹਤ ਸਬੰਧੀ ਜਾਗਰੂਕਤਾ ਲਿਆਉਣ ਲਈ 2500 ਖੇਡ ਕਿੱਟਾਂ ਦੀ ਵੰਡ ਦਾ ਰਾਹ ਵੀ ਪੱਧਰਾ ਕੀਤਾ ਗਿਆ ਹੈ। 
    ਧੀਆਂ ਦੀ ਲੋਹੜੀ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਸੰਕੇਤਕ ਰੂਪ ’ਚ ਪੰਜ ਛੋਟੀਆਂ ਬੱਚੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਸਹਿਤ ਆਸ਼ੀਰਵਾਦ ਦਿਤਾ ਅਤੇ ਇਸ ਇਸ ਤੋਂ ਇਲਾਵਾ 5100 ਰੁਪਏ ਦਾ ਸ਼ਗਨ ਅਤੇ ਹਰੇਕ ਬੱਚੀ ਲਈ ਸਾਜ਼ੋ-ਸਾਮਾਨ ਵੀ ਭੇਟ ਕੀਤਾ। ਮੁੱਖ ਮੰਤਰੀ ਵਲੋਂ ਲਿਖੇ ਅਤੇ ਹਸਤਾਖ਼ਰਿਤ ਪੱਤਰ ਇਸ ਵਰ੍ਹੇ ਅਪਣੀ ਪਹਿਲੀ ਲੋਹੜੀ ਮਨਾ ਰਹੀਆਂ 1.5 ਲੱਖ ਤੋਂ ਵੱਧ ਕੁੜੀਆਂ ਦੇ ਮਾਪਿਆਂ ਨੂੰ ਸੌਂਪੇ ਜਾਣਗੇ। 
   ਇਸ ਤੋਂ ਇਲਾਵਾ ਖਾਸ ਕਰ ਕੇ ਸੂਬੇ ਦੀਆਂ ਝੁੱਗੀ-ਝੌਂਪੜੀਆਂ ਤੋਂ ਇਲਾਵਾ ਹਾਈ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸੈਨੇਟਰੀ ਪੈਡ ਵੰਡੇ ਜਾਣਗੇ।  ਬਸੇਰਾ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪਟਿਆਲਾ, ਬਠਿੰਡਾ, ਫ਼ਾਜ਼ਿਲਕਾ ਅਤੇ ਮੋਗਾ ਜ਼ਿਲਿ੍ਹਆਂ ਦੀਆਂ 10 ਝੁੱਗੀ-ਝੌਂਪੜੀਆਂ ਦੇ 2816 ਨਿਵਾਸੀਆਂ ਨੂੰ ਪਹਿਲੇ ਦੌਰ ਵਿਚ ਮਾਲਕਾਨਾ ਹੱਕ ਦਿਤੇ ਜਾਣਗੇ। ਮੋਗਾ ਦੇ ਤਿੰਨ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿਚ ਰਹਿੰਦੇ ਲੋਕਾਂ ਨੂੰ ਮੋਗਾਜੀਤ ਸਿੰਘ ਵਿਖੇ ਮਿਊਂਸਿਪਲ ਕਾਰਪੋਰੇਸ਼ਨ ਦੀ ਵੱਖਰੀ ਜ਼ਮੀਨ ਵਿਖੇ ਤਬਦੀਲ ਕੀਤੇ ਜਾਣ ਉਪਰੰਤ ਇਹ ਮਾਲਕਾਨਾ ਹੱਕ ਦਿਤੇ ਜਾਣਗੇ। ਮੁੱਖ ਮੰਤਰੀ ਨੇ 75.64 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੜਾਵਾਂ ਵਾਲੇ ਸਮਾਰਟ ਮੀਟਰਿੰਗ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਉਪਭੋਗਤਾ ਪੱਖੀ ਸਕੀਮ ਨਾਲ ਡਾਟਾ ਆਟੋਮੈਟਿਕ ਢੰਗ ਨਾਲ ਅਪਲੋਡ ਹੋਵੇਗਾ ਜਿਸ ਨਾਲ ਦਸਤੀ ਤੌਰ ’ਤੇ ਰੀਡਿੰਗ ਲੈਣ ਸਮੇਂ ਹੁੰਦੀ ਇਨਸਾਨੀ ਗ਼ਲਤੀ ਦੀ ਗੁੰਜਾਇਸ਼ ਕਾਫੀ ਹੱਦ ਤਕ ਘਟੇਗੀ। 
   ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦਸਿਆ ਕਿ ਇਨ੍ਹਾਂ ਮੀਟਰਾਂ ਨਾਲ ਉਪਭੋਗਤਾ ਪੀ.ਐਸ.ਪੀ.ਸੀ.ਐਲ. ਉਪਭੋਗਤਾ ਐਪ ਰਾਹੀਂ ਪਿਛਲੇ ਬਿਲ ਦਾ ਡਾਟਾ ਅਤੇ ਤੁਰਤ/ਲਾਈਵ ਡਾਟਾ ਵੀ ਵੇਖਣ ਦੇ ਸਮਰੱਥ ਹੋ ਸਕਣਗੇ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਬਿਜਲੀ ਦੀ ਖਪਤ ਬਾਰੇ ਵੀ ਸਹੀ ਪਤਾ ਲੱਗ ਸਕੇਗਾ। ਉਪਭੋਗਤਾਵਾਂ ਕੋਲ ਮੀਟਰ ਨੂੰ ਪ੍ਰੀ-ਪੇਡ ਜਾਂ ਪੋਸਟ-ਪੇਡ ਵਿਚ ਤਬਦੀਲ ਕਰਨ ਦਾ ਬਦਲ ਮੌਜੂਦ ਹੋਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿਤੀ ਕਿ ਬਿਲ ਵਿਚ ਛੋਟ ਉਪਭੋਗਤਾ ਨੂੰ ਪ੍ਰੀ-ਪੇਡ ਦੇ ਬਦਲ ਤਹਿਤ ਆਗਿਆ ਯੋਗ ਹੈ ਅਤੇ ਇਸੇ ਮੀਟਰ ਨੂੰ ਸੋਲਰ ਨੈੱਟ ਮੀਟਰਿੰਗ ਲਈ ਬਾਇ-ਡਾਇਰੈਕਸ਼ਨਲ ਮੀਟਰ ਵਜੋਂ ਵੀ ਇਸਤਮਾਲ ਕੀਤਾ ਜਾ ਸਕਦਾ ਹੈ। 
    ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਈ-ਦਾਖ਼ਲ ਪੋਰਟਲ ਨਾਲ ਉਪਭੋਗਤਾਵਾਂ ਨੂੰ ਅਪਣੇ ਹੱਕਾਂ ਦੀ ਰਾਖੀ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਖ਼ੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਨਿਵੇਕਲੀ ਆਨ-ਲਾਈਨ ਪਹਿਲ ਨਾਲ ਉਪਭੋਗਤਾਵਾਂ ਨੂੰ ਅਪਣੇ ਹਿੱਤਾਂ ਦੀ ਰਾਖੀ ਕਰਨੀ ਸੌਖੀ ਹੋਵੇਗੀ। ਮੁੱਖ ਮੰਤਰੀ ਨੇ ਇਸ ਮੌਕੇ ਸਮੁਦਾਇਕ ਭਾਗੀਦਾਰੀ ਖਾਸ ਕਰਕੇ ਲੁਧਿਆਣਾ ਦੇ ਉਦਯੋਗ ਜਗਤ 2500 ਖੇਡ/ਕ੍ਰਿਕਟ ਕਿੱਟਾਂ ਦੀ ਵੰਡ ਸਕੀਮ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਖੇਡ ਸੱਭਿਆਚਾਰ ਵਿਕਸਿਤ ਕਰਨ ਅਤੇ ਨਰੋਈ ਸਿਹਤ ਸਬੰਧੀ ਜਾਗਰੂਕਤਾ ਦਾ ਪਸਾਰਾ ਕਰਨ ਲਈ ਜੋ ਕਿ ਉਨ੍ਹਾਂ ਦੇ ਸੁਪਨਮਈ ਪ੍ਰੋਗਰਾਮ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਪਹਿਲਾਂ ਤੋਂ ਹੀ ਅਤਿ ਮਹੱਤਵਪੂਰਨ ਹਿੱਸਾ ਹੈ, ਵਾਧੂ ਤੌਰ ’ਤੇ ਫੰਡ ਅਲਾਟ ਕੀਤੇ ਜਾਣ। 
     ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਦੇ ਮਤਰੇਏ ਰਵੱਈਏ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗ਼ਰੀਬ ਪੱਖੀ ਅਤੇ ਨਾਗਰਿਕ ਪੱਖੀ ਕਈ ਸਕੀਮਾਂ ਲਾਗੂ ਕੀਤੀਆਂ ਹਨ। 
    ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਕੈਬਨਿਟ ਸਹਿਯੋਗੀਆਂ ਨੂੰ ਕਿਹਾ ਕਿ ਉਹ ਆਉਂਦੇ ਵਰ੍ਹੇ 2021-22 ਦੇ ਸਾਲਾਨਾ ਬਜਟ, ਜੋ ਕਿ ਤਿਆਰੀ ਅਧੀਨ ਹੈ, ਵਿਚ ਵਾਧੂ ਤੌਰ ’ਤੇ ਫ਼ੰਡ ਹਾਸਲ ਕਰਨ ਲਈ ਆਪੋ-ਅਪਣੇ ਵਿਭਾਗਾਂ ਦੀਆਂ ਸਕੀਮਾਂ ਅਤੇ ਯੋਜਨਾਵਾਂ ਪੇਸ਼ ਕਰਨ।