ਕੇ.ਐਮ.ਪੀ ਹਾਈਵੇਅ ’ਤੇ ਹਜ਼ਾਰਾਂ ਟਰੈਕਟਰਾਂ ਨਾਲ ਕੱਢੀ ਵਿਸ਼ਾਲ ਰੈਲੀ

ਏਜੰਸੀ

ਖ਼ਬਰਾਂ, ਪੰਜਾਬ

ਕੇ.ਐਮ.ਪੀ ਹਾਈਵੇਅ ’ਤੇ ਹਜ਼ਾਰਾਂ ਟਰੈਕਟਰਾਂ ਨਾਲ ਕੱਢੀ ਵਿਸ਼ਾਲ ਰੈਲੀ

image

g ਹਰਿਆਣਾ ਦੇ ਕਿਸਾਨ ਭਾਰੀ ਗਿਣਤੀ ’ਚ ਹੋਏ ਸ਼ਾਮਲ g ਬੁਰਾੜੀ ਮੈਦਾਨ ’ਚ ਘੇਰੇ ਕਿਸਾਨ ਬੈਰੀਕੇਡ ਤੋੜ ਕੇ ਹੋਏ ਸ਼ਾਮਲ g ਫ਼ੇਲ ਹੋਇਆ ਸਰਕਾਰ ਦਾ ਖ਼ੁਫ਼ੀਆਤੰਤਰ
 

ਨਵੀਂ ਦਿੱਲੀ, 7 ਜਨਵਰੀ (ਅਮਨਦੀਪ ਸਿੰਘ) : ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ ਅੱਜ 43ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਸਰਕਾਰ ਨਾਲ ਗੱਲਬਾਤ ਦੇ ਬਾਵਜੂਦ ਹੱਲ ਨਾ ਨਿਕਲਣ ਤੋਂ ਨਾਰਾਜ਼ ਕਿਸਾਨਾਂ ਵਲੋਂ ਅੱਜ ਦਿੱਲੀ ਦੇ ਸਾਰੇ ਬਾਰਡਰਾਂ ਅਤੇ ਪੈਰੀਫੇਰਲ ਐਕਸਪ੍ਰੈੱਸ ਵੇਅ ’ਤੇ ਟਰੈਕਟਰ ਮਾਰਚ ਕਢਿਆ ਗਿਆ। ਇਹ ਟਰੈਕਟਰ ਰੈਲੀ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਤੋਂ ਸ਼ਾਹਜਹਾਂਪੁਰ, ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਤੋਂ ਗਾਜ਼ੀਪੁਰ ਤਕ ਕੱਢੀ ਗਈ। 
ਇਸ ਰੈਲੀ ਵਿਚ ਕਰੀਬ 50 ਤੋਂ 60 ਹਜ਼ਾਰ ਟਰੈਕਟਰ ਸ਼ਾਮਲ ਹੋਏ ਜਿਨ੍ਹਾਂ ਟਰੈਕਟਰਾਂ ’ਤੇ ਕਿਸਾਨੀ ਝੰਡੇ ਦੇ ਨਾਲ-ਨਾਲ ਤਿਰੰਗਾ ਝੰਡਾ ਵੀ ਲਾਇਆ ਹੋਇਆ ਸੀ। ਇਹ ਨਜ਼ਾਰਾ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਥੱਪੜ ਸੀ ਜਿਹੜੇ ਕਿਸਾਨਾਂ ਨੂੰ ਵਖਵਾਦੀ ਜਾਂ ਅਤਿਵਾਦੀ ਕਹਿੰਦੇ ਸਨ। ਕਿਸਾਨਾਂ ਨੇ ਸ਼ਾਂਤਮਈ ਰੈਲੀ ਕੱਢ ਕੇ ਇਹ ਸਾਬਤ ਕਰ ਦਿਤਾ ਕਿ ਉਨ੍ਹਾਂ ਨਾਲੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੈ। 11 ਵਜੇ ਤੋਂ ਲੈ ਕੇ ਕੁੱਝ ਘੰਟਿਆਂ ਲਈ ਦਿੱਲੀ ਦੇ ਆਲੇ ਦੁਆਲੇ ਟਰੈਕਟਰ ਤੇ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਸਨ। ਇਹੀ ਨਹੀਂ, ਕਿਸਾਨ ਆਗੂਆਂ ਦੀ ਅਪੀਲ ਤੋਂ ਬਾਅਦ ਨੌਜਵਾਨਾਂ ਨੇ ਪੂਰਾ ਅਨੁਸ਼ਾਸਨ ਦਿਖਾਇਆ ਤੇ ਰਾਹਗੀਰਾਂ 
ਨੂੰ ਕੋਈ ਤਕਲੀਫ਼ ਨਹੀਂ ਆਉਣ ਦਿਤੀ। ਇਥੋਂ ਤਕ ਕਿ ਰਾਹਗੀਰ ਤੇ ਨੇੜਲੇ ਲੋਕ ਕਿਸਾਨਾਂ ਦੀ ਇਸ ਟਰੈਕਟਰ ਰੈਲੀ ਨੂੂੰ ਉਠ ਉਠ ਕੇ ਦੇਖ ਰਹੇ ਸਨ। ਇਸ ਰੈਲੀ ਵਿਚ ਪੰਜਾਬ, ਹਰਿਆਣਾ, ਯੂ.ਪੀ ਤੇ ਉਤਰਾਖੰਡ ਦੇ ਕਰੀਬ ਡੇਢ ਲੱਖ ਕਿਸਾਨਾਂ ਨੇ ਸ਼ਿਰਕਤ ਕੀਤੀ।
ਉਧਰ ਇਹ ਟਰੈਕਟਰ ਰੈਲੀ ਜਿਵੇਂ ਹੀ ਹਰਿਆਣਾ ਦੇ ਪਿੰਡਾਂ ਕੋਲ ਦੀ ਗੁਜ਼ਰੀ ਤਾਂ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਟਰੈਕਟਰ ਲੈ ਕੇ ਸ਼ਾਮਲ ਹੋ ਗਏ ਤੇ ਰੈਲੀ ਪੂਰੀ ਵਿਸ਼ਾਲ ਹੋ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਰੈਲੀ ਤਾਂ ਕੇਵਲ ਟਰੇਲਰ ਹੈ ਤੇ ਇਸ ਰੈਲੀ ਵਿਚ 50 ਫ਼ੀ ਸਦੀ ਟਰੈਕਟਰ ਵੀ ਸ਼ਾਮਲ ਨਹੀਂ ਹੋਏ ਪਰ ਜੇਕਰ ਸਰਕਾਰ ਨੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ 26 ਜਨਵਰੀ ਨੂੰ ਟਰੈਕਟਰਾਂ ਦੀ ਗਿਣਤੀ ਅੱਜ ਨਾਲੋਂ ਕਿਤੇ ਜ਼ਿਆਦਾ ਹੋਵੇਗੀ। ਕੁਲ ਮਿਲਾ ਕੇ ਅੱਜ ਦੀ ਟਰੈਕਟਰ ਰੈਲੀ ਪੂਰੀ ਤਰ੍ਹਾਂ ਸਫ਼ਲ ਰਹੀ ਪਰ ਇਥੇ ਇਕ ਚੀਜ਼ ਹੋਰ ਸਾਹਮਣੇ ਆਈ ਕਿ ਸਰਕਾਰ ਦਾ ਖ਼ੁਫ਼ੀਆ ਤੰਤਰ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਿਆ ਕਿਉਂਕਿ ਸਰਕਾਰ ਨੂੰ ਰੀਪੋਰਟ ਦਿਤੀ ਗਈ ਸੀ ਕਿ ਇਸ ਟਰੈਕਟਰ ਰੈਲੀ ਅੰਦਰ 4 ਤੋਂ 5 ਸੌ ਟਰੈਕਟਰ ਸ਼ਾਮਲ ਹੋਣਗੇ ਪਰ ਅੱਜ ਜਦੋਂ ਹਜ਼ਾਰਾਂ ਦੀ ਗਿਣਤੀ ’ਚ ਟਰੈਕਟਰ ਸੜਕਾਂ ’ਤੇ ਉਤਰ ਆਏ ਤਾਂ ਸਰਕਾਰ ਹੈਰਾਨ ਰਹਿ ਗਈ। 
ਦੂੂਜੇ ਪਾਸੇ ਬੁਰਾੜੀ ਮੈਦਾਨ ’ਚ ਬੈਠੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਅੰਦਰ ਹੀ ਬੰਦ ਕਰ ਦਿਤਾ ਸੀ ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡ ਲਾ ਦਿਤੇ ਪਰ ਇਥੇ ਬੈਠੇ ਕਿਸਾਨ ਰੈਲੀ ’ਚ ਸ਼ਿਰਕਤ ਕਰਨ ਲਈ ਕਾਹਲੇ ਪਏ ਹੋਏ ਸਨ। ਜਦੋਂ ਇਹ ਇਥੋਂ ਨਿਕਲਣ ਲੱਗੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਰੋਕ ਲਿਆ ਪਰ ਕਿਸਾਨ ਬੈਰੀਕੇਡਿੰਗ ਤੋੜ ਅੱਗੇ ਵਧ ਗਏ। ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਜਿਸ ਵਿਚ ਕੁੱਝ ਕਿਸਾਨ ਜ਼ਖ਼ਮੀ ਹੋਏ ਹਨ। ਬੁਰਾੜੀ ’ਚ ਕਿਸਾਨਾਂ ਦਾ ਕਾਫ਼ਲਾ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਕਿਸਾਨਾਂ ਦੇ ਮਾਰਚ ਨੇ ਯੂ-ਟਰਨ ਲਿਆ। ਫਿਰ ਪੁਲਿਸ ਨੇ ਬੈਰੀਕੇਡਿੰਗ ਕਰ ਕੇ ਰੋਕਿਆ ਤਾਂ ਟਰੈਕਟਰ ਮਾਰਚ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ। ਬੁਰਾੜੀ ਮੈਦਾਨ ’ਚ ਪੁਲਿਸ ਨਾਲ ਕਿਸਾਨ ਭਿੜ ਗਏ। ਮਾਰਚ ਕੱਢਣ ਨੂੰ ਲੈ ਕੇ ਪੁਲਿਸ ਨਾਲ ਝੜਪ ਹੋਈ। ਬੈਰੀਕੇਡਿੰਗ ਤੋੜ ਕੇ ਪ੍ਰਦਰਸ਼ਨਕਾਰੀ ਬਾਹਰ ਨਿਕਲੇ। ਪੁਲਿਸ ਟਰੈਕਟਰ ਮਾਰਚ ਨੂੰ ਬੁਰਾੜੀ ਮੈਦਾਨ ’ਚ ਹੀ ਰੋਕਣਾ ਚਾਹੁੰਦੀ ਸੀ ਪਰ ਕਿਸਾਨ ਬਿਨਾਂ ਕਿਸੇ ਡਰ ਦੇ ਅੱਗੇ ਵਧਦੇ ਗਏ।