300 ਟਰੈਕਟਰਾਂ ਨਾਲ ਆਦਮਪੁਰ ਤੋਂ ਹੋਸ਼ਿਆਰਪੁਰ ਤਕ ਰੋਸ ਰੈਲੀ
300 ਟਰੈਕਟਰਾਂ ਨਾਲ ਆਦਮਪੁਰ ਤੋਂ ਹੋਸ਼ਿਆਰਪੁਰ ਤਕ ਰੋਸ ਰੈਲੀ
ਆਦਮਪੁਰ, 7 ਜਨਵਰੀ (ਪ੍ਰਸ਼ੋਤਮ) : ਕਿਸਾਨਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਦੁਆਰਾ ਖੇਤੀ ਆਰਡੀਨੈਂਸ ਬਿਲ ਪਾਸ ਕੀਤੇ ਜਾਣ ਤੋਂ ਬਾਅਦ ਪੂਰੇ ਭਾਰਤ ਵਿਚ ਵਿਰੋਧ ਜਾਰੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਦਿੱਲੀ ਵਿਚ ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਵਿਰੁਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸੇ ਲੜੀ ਵਿਚ ਵੀਰਵਾਰ ਨੂੰ ਸਵੇਰੇ ਕਰੀਬ 11 ਵਜੇ ਆਦਮਪੁਰ ਤੋਂ ਸ਼ੁਰੂ ਹੋ ਕੇ ਟਰੈਕਟਰ ਰੈਲੀ ਕਠਾਰ, ਮਡਿਆਲਾ, ਨਸਰਾਲਾ, ਸਿੰਗੜੀਆਲਾ, ਹੁਸ਼ਿਆਰਪੁਰ ਤੋਂ ਹੁੰਦੀ ਹੋਈ ਫ਼ਗਵਾੜਾ ਰੋਡ ਤੋਂ ਮੇਹਟੀਆਣਾ ਹੁੰਦੀ ਹੋਈ ਵਾਪਸ ਆਦਮਪੁਰ ਵਿਖੇ ਸਮਾਪਤ ਹੋਈ।
ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਦੌਰਾਨ ਅਮਰਜੀਤ ਸਿੰਘ, ਮਨਜੀਤ ਸਿੰਘ, ਨਿਰੰਜਨ ਸਿੰਘ, ਸੁਖਵਿੰਦਰ ਸਿੰਘ ਸਰਪੰਚ ਡਰੋਲੀ, ਭੁਪਿੰਦਰ ਸਿੰਘ ਭਿੰਦਾ ਦੂਹੜੇ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਿਸਾਨਾਂ ਵਲੋਂ ਕਰੀਬ ਤਿੰਨ ਸੋ ਟਰੈਕਟਰਾਂ ਨਾਲ ਕੇਂਦਰ ਸਰਕਾਰ ਵਿਰੋਧ ਰੋਸ ਰੈਲੀ ਕੱਢੀ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਹਰ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਸਘੰਰਸ਼ ਵਿਚ ਹਰ ਵਰਗ ਦੁਆਰਾ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਵਲੋਂ ਆਰਡੀਨੈਂਸ ਬਿਲ ਵਾਪਿਸ ਨਾ ਲਏ ਤਾਂ 26 ਜਨਵਰੀ ਨੂੰ ਵੱਡੀ ਗਿਣਤੀ ਵਿਚ ਟਰੈਕਟਰ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।