ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਅਗਲੇ ਇਕ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਖ਼ਾਕਾ ਪੇਸ਼ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਅਗਲੇ ਇਕ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਖ਼ਾਕਾ ਪੇਸ਼ ਕੀਤਾ

image

ਸਹਿਕਾਰੀ ਬੈਂਕਾਂ ਨੂੰ ਕੀਤਾ ਜਾਵੇਗਾ ਮਜ਼ਬੂਤ

ਚੰਡੀਗੜ੍ਹ, 7 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਨਵੇਂ ਸਾਲ ਦੀ ਆਮਦ ’ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣੇ ਸਹਿਕਾਰਤਾ ਵਿਭਾਗ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਦਸਦਿਆਂ ਅਗਲੇ ਇਕ ਸਾਲ ਲਈ ਨਿਰਧਾਰਤ ਕੀਤੇ ਟੀਚਿਆਂ ਦਾ ਖਾਕਾ ਜਾਰੀ ਕੀਤਾ। ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਸ. ਰੰਧਾਵਾ ਨੇ ਕਿਹਾ ਕਿ ਕਿਸਾਨੀ ਦੀ ਰੀੜ ਦੀ ਹੱਡੀ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਦੇ ਨਾਲ ਕੋਵਿਡ-19 ਮਹਾਂਮਾਰੀ ਦੇ ਔਖੇ ਸਮੇਂ ਵਿਚ ਸੂਬਾ ਵਾਸੀਆਂ ਨੂੰ ਉਚ ਮਿਆਰ ਦੀਆਂ ਲੋੜੀਂਦੀਆਂ ਵਸਤਾਂ ਮੁਹਈਆ ਕਰਵਾਉਣ ਵਿਚ ਮੋਹਰੀ ਰੋਲ ਨਿਭਾਇਆ।
    ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਗਲੇ ਇਕ ਸਾਲ ਦੇ ਵਿਚ ਸਹਿਕਾਰੀ ਬੈਂਕਾਂ ਨੂੰ ਨਿੱਜੀ ਖੇਤਰ ਦੇ ਬੈਂਕਾਂ ਬਰਾਬਰ ਖੜਾ ਕਰ ਦਿਤਾ ਜਾਵੇਗਾ ਜਿਸ ਲਈ ਬੈਂਕ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। 1600 ਮੁਲਾਜ਼ਮਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਅਗਲੇ ਹਫ਼ਤੇ ਤਕ ਜਾਰੀ ਹੋ ਜਾਵੇਗਾ। ਬੈਂਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀ.ਸੀ.ਸੀ.ਬੀ.) ਦਾ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐਸ.ਸੀ.ਬੀ.) ਨਾਲ ਰਲੇਵਾਂ ਅੰਤਮ ਪੜਾਅ ਵਿਚ ਹੈ। ਇਸ ਸਬੰਧੀ ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ ਅਤੇ ਅੰਤਮ ਮਨਜ਼ੂਰੀ ਦੀ ਉਡੀਕ ਹੈ। 
   ਉਨ੍ਹਾਂ ਅੱਗੇ ਦਸਿਆ ਕਿ ਹਾਊਸਫ਼ੈਡ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਸੂਬੇ ਵਿਚ ਸਹਿਕਾਰੀ ਵਿਭਾਗ/ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਹਾਊਸਫ਼ੈਡ ਜ਼ਰੀਏ ਮੁਹਾਲੀ ਵਿਚ ਫ਼ਲੈਟ ਮੁਹਈਆ ਕਰਵਾਉਣ ਲਈ ਹਾਊਸਿੰਗ ਸਕੀਮ ਤਹਿਤ ਇਕ ਮੰਗ ਸਰਵੇਖਣ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਹਿਕਾਰੀ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਪੱਤਰਕਾਰਾਂ ਨੂੰ ਵੀ ਹਾਊਸਿੰਗ ਸਕੀਮ ਵਿਚ ਸ਼ਾਮਲ ਕੀਤਾ ਜਾਵੇਗਾ।
    ਸ. ਰੰਧਾਵਾ ਨੇ ਅੱਗੇ ਦਸਿਆ ਕਿ ਇਸ ਸਾਲ ਬਟਾਲਾ ਅਤੇ ਗੁਰਦਾਸਪੁਰ ਵਿਖੇ ਦੋ ਨਵੀਆਂ ਸ਼ੂਗਰ ਮਿੱਲਾਂ ਸਥਾਪਤ ਕੀਤੀਆਂ ਜਾਣਗੀਆਂ ਜਿਸ ਸਬੰਧੀ ਵਿਸਤÇ੍ਰਤ ਪ੍ਰਾਜੈਕਟ ਰਿਪੋਰਟਾਂ (ਡੀ.ਪੀ.ਆਰਜ਼) ਪਹਿਲਾਂ ਹੀ ਤਿਆਰ ਕਰ ਲਈਆਂ ਗਈਆਂ ਹਨ ਅਤੇ ਅਗਲੇ ਮਹੀਨੇ ਤਕ ਟੈਂਡਰ ਜਾਰੀ ਹੋ ਜਾਵੇਗਾ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ 5000 ਟੀ.ਸੀ.ਡੀ. ਦੀ ਸਮਰੱਥਾ ਦਾ ਸ਼ੂਗਰ ਪਲਾਂਟ ਸਮੇਤ 120 ਕੇ.ਐਲ.ਪੀ.ਡੀ ਡਿਸਟੀਲਰੀ ਅਤੇ ਬਟਾਲਾ ਵਿਖੇ 3500 ਟੀ.ਸੀ.ਡੀ. ਸ਼ੂਗਰ ਪਲਾਂਟ ਜੋ ਕਿ 5000 ਟੀ.ਸੀ.ਡੀ ਤੱਕ ਵਧਾਇਆ ਜਾ ਸਕਣ ਵਾਲਾ ਲਗਾਇਆ ਜਾ ਰਿਹਾ ਹੈ।