ਬੇਅਦਬੀਆਂ ਦੇ ਮਾਮਲੇ ’ਤੇ ਬਣਾਈ 7 ਮੈਂਬਰੀ ਕਮੇਟੀ ਬਾਦਲਾਂ ਨੂੰ ਕਲੀਨ ਚਿੱਟ ਦੇਣ ਲਈ ਬਣਾਈ ਗਈ :

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀਆਂ ਦੇ ਮਾਮਲੇ ’ਤੇ ਬਣਾਈ 7 ਮੈਂਬਰੀ ਕਮੇਟੀ ਬਾਦਲਾਂ ਨੂੰ ਕਲੀਨ ਚਿੱਟ ਦੇਣ ਲਈ ਬਣਾਈ ਗਈ : ਪਰਮਜੀਤ ਅਕਾਲੀ

image

ਅੰਮ੍ਰਿਤਸਰ,7 ਜਨਵਰੀ (ਗੁਰਿੰਦਰ ਸਿੰਘ ਬਾਠ) : ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ,ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਰਘੂਜੀਤ ਸਿੰਘ ਵਿਰਕ,ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸਿੱਖ ਵਿਦਵਾਨ ਡਾ . ਇੰਦਰਜੀਤ ਸਿੰਘ ਜੀ ਗੋਗੋਆਣੀ ’ਤੇ ਅਧਾਰਤ ਬਣਾਈ ਗਈ 7 ਮੈਂਬਰੀ ਕਮੇਟੀ ਉੱਤੇ ਸਵਾਲ ਖੜੇ ਕਰਦਿਆਂ ਪੰਥਕ ਆਗੂ ਭਾਈ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਅਮਲਾ ਬਾਦਲ ਪ੍ਰਵਾਰ ਦੀ ਪੁਸ਼ਤਪਨਾਹੀ ਕਰਨ ਵਿਚ ਰੁੱਝਾ ਹੋਇਆ ਹੈ ਅਤੇ ਇਹ 7 ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਵੀ ਬਾਦਲ ਪ੍ਰਵਾਰ ਨਾਲ ਨਿਜੀ ਸਾਂਝ ਰਖਦੇ ਹਨ। ਜਿਸ ਕਾਰਨ ਸੱਚ ਸਾਹਮਣੇ ਆਉਣਾ ਬਹੁਤ ਹੀ ਮੁਸ਼ਕਲ ਹੈ ਅਤੇ ਇਹ ਸੱਤ ਮੈਂਬਰੀ ਕਮੇਟੀ ਵੀ ਬਾਦਲ ਪ੍ਰਵਾਰ ਨੂੰ ਲਾਭ ਪਹੁੰਚਾਉਣ ਲਈ ਹੀ ਕੰਮ ਕਰੇਗੀ। 
ਉਨ੍ਹਾਂ ਕਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪ੍ਰਚਾਰ ਤੇ ਪਸਾਰ ਨੂੰ ਹੱਲ ਕਰਨ ਵਿਚ ਹੋਂਦ ‘ਚ ਆਈ ਸੀ ਅੱਜ ਮੁਕੰਮਲ ਤੌਰ ਤੇ ਬਾਦਲ ਪਰਿਵਾਰ ਦੀ ਹੱਥ ਠੋਕਾ ਬਣ ਕੇ ਰਹਿ ਗਈ ਹੈ ਅਤੇ ਦੀਵਾਨ ਹਾਲ ਮੰਜੀ ਸਾਹਿਬ ਤੋਂ ਕਿਸੇ ਵੇਲੇ ਪੰਥਕ ਅਤੇ ਰਾਜਨੀਤਕ ਮਾਮਲਿਆਂ ਉਤੇ ਵਿਚਾਰ ਹੋਇਆ ਕਰਦੀ ਸੀ ਪਰ ਅੱਜ ਬਾਦਲ ਪ੍ਰਵਾਰ ਲੋਕਾਂ ਵਿਚ ਅਪਣੀ ਗਵਾਚ ਚੁੱਕੀ ਸਾਖ ਨੂੰ ਬਹਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦੀ ਤਰ੍ਹਾਂ ਹੀ ਵਰਤ ਰਿਹਾ ਹੈ।ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਖ਼ਾਲਸਾ ਕੋਲੋਂ ਜਵਾਬ ਮੰਗਿਆ ਕਿ ਸਿੱਖ ਪੰਥ ਦੇ ਕਥਿਤ ਦੋਸ਼ੀ ਬਾਦਲ ਪ੍ਰਵਾਰ ਨੂੰ ਕਿਸ ਬਿਨਾਅ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਟੇਜਾਂ ਤੋਂ ਬੋਲਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ ਅਤੇ ਬਾਦਲ ਪ੍ਰਵਾਰ ਤੇ ਪਿਛਲੇ ਸਮੇਂ ’ਚ ਬੇਅਦਬੀ ਦੇ ਲੱਗੇ ਦੋਸ਼ਾਂ ਸਬੰਧੀ ਜਵਾਬਦੇਹ ਕਿਉਂ ਨਹੀਂ ਬਣਾਇਆ ਜਾ ਰਿਹਾ? ਭਾਈ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਕੌਮ ਕਦੇ ਵੀ ਬਾਦਲ ਪ੍ਰਵਾਰ ਨੂੰ ਮੁਆਫ਼ ਨਹੀਂ ਕਰੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਬਾਦਲ ਪ੍ਰਵਾਰ ਦੀ ਹੀ ਪੁਸ਼ਤਪਨਾਹੀ ਕਰਨ ਵਾਲੇ ਲੋਕਾਂ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਥਕ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਸ਼ਾਂਤਮਈ ਸੰਘਰਸ਼ ਕਰਦੀਆਂ ਰਹਿਣਗੀਆਂ ਅਤੇ ਜਿੰਨਾ ਚਿਰ ਤਕ ਇਨਸਾਫ਼ ਨਹੀਂ ਮਿਲਦਾ ਉਨ੍ਹਾਂ ਵਕਤ ਚੁੱਪ ਨਹੀਂ ਬੈਠਣਗੀਆਂ ਅਤੇ ਬਾਦਲ ਪ੍ਰਵਾਰ ਦੇ ਕਬਜ਼ੇ ਹੇਠੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
1sr_2ath_7_2 News
ਕੈਪਸ਼ਨ-ਭਾਈ ਪਰਮਜੀਤ ਸਿੰਘ ਅਕਾਲੀ।