ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਦਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਦਾ ਮਾਮਲਾ

image


ਸਿਖਰਲੀ ਅਦਾਲਤ ਦਾ ਪੰਜਾਬ-ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ  ਸੁਰੱਖਿਆ ਨਾਲ ਜੁੜਿਆ ਰਿਕਾਰਡ ਹਾਸਲ ਕਰਨ ਦੇ ਹੁਕਮ

ਨਵੀਂ ਦਿੱਲੀ, 7 ਜਨਵਰੀ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਦਿਨੀਂ ਪੰਜਾਬ ਦੌਰੇ ਨਾਲ ਸਬੰਧਤ ਸਾਰੇ ਰਿਕਾਰਡ ਸੁਰੱਖਿਅਤ ਕਰਨ ਦਾ ਨਿਰਦੇਸ਼ ਦਿਤਾ ਹੈ | ਚੀਫ਼ ਜਸਟਿਸ ਐੱਨ.ਵੀ ਰਮਣ ਅਤੇ ਜੱਜ ਸੂਰਿਆਕਾਂਤ ਅਤੇ ਜੱਜ ਹੇਮਾ ਕੋਹਲੀ ਦੀ ਬੈਂਚ ਨੇ ਰਿਕਾਰਡ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦੇ ਨਾਲ ਹੀ ਮੋਦੀ ਦੀ ਪੰਜਾਬ ਯਾਤਰਾ ਦੌਰਾਨ ਸੁਰੱਖਿਆ 'ਚ ਅਣਗਹਿਲੀ ਮਾਮਲੇ ਵਿਚ ਕੇਂਦਰ ਅਤੇ ਪੰਜਾਬ ਵਲੋਂ ਗਠਿਤ 2 ਵੱਖ-ਵੱਖ ਕਮੇਟੀਆਂ ਨੂੰ  ਪਟੀਸ਼ਨ 'ਤੇ ਅਗਲੀ ਸੁਣਵਾਈ ਸੋਮਵਾਰ ਤਕ ਕਾਰਵਾਈ ਨਾ ਕਰਨ ਦਾ ਹੁਕਮ ਦਿਤਾ | ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਅਤੇ ਐਨ.ਆਈ.ਏ. ਅਤੇ ਐਸ.ਪੀ.ਜੀ. ਸਮੇਤ ਵੱਖ-ਵੱਖ ਕੇਂਦਰੀ ਜਾਂਚ ਏਜੰਸੀਆਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ  ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਸਬੰਧਤ ਰਿਕਾਰਡ ਉਪਲਬਧ ਕਰਵਾਉਣ ਵਿਚ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦਾ ਲੋੜੀਂਦਾ ਸਹਿਯੋਗ ਕਰਨ |
  ਬੈਂਚ ਨੇ ਕਿਹਾ,''ਦੋਹਾਂ ਪੱਖਾਂ ਦੇ ਵਕੀਲਾਂ ਦੀ ਗੱਲ ਸੁਣ ਲਈ ਹੈ | ਦਲੀਲ 'ਤੇ ਗੌਰ ਕਰਨ ਤੋਂ ਬਾਅਦ, ਇਹ ਧਿਆਨ ਵਿਚ ਰਖਦੇ ਹੋਏ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਹੈ, ਸੱਭ ਤੋਂ ਪਹਿਲਾਂ ਅਸੀਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ  ਸਬੰਧਤ ਰਿਕਾਰਡ ਤੁਰਤ ਹਾਸਲ ਕਰਨ ਦਾ ਹੁਕਮ ਦੇਣਾ ਠੀਕ ਸਮਝਦੇ ਹਾਂ |'' ਬੈਂਚ ਇਸ ਮਾਮਲੇ ਵਿਚ ਹੁਣ 10 ਜਨਵਰੀ ਨੂੰ  ਅੱਗੇ ਦੀ ਸੁਣਵਾਈ ਕਰੇਗੀ |
  ਚੀਫ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਵਿਰੁਧ ਐੱਨ.ਜੀ.ਓ. 'ਲਾਇਰਜ਼ ਵਾਇਸ' ਵਲੋਂ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ | ਇਹ ਪਟੀਸ਼ਨ ਵੀਰਵਾਰ ਨੂੰ  ਦਾਇਰ ਕੀਤੀ ਗਈ ਸੀ ਅਤੇ ਇਸ ਮਾਮਲੇ ਵਿਚ ਵਿਸ਼ੇਸ਼ ਜ਼ਿਕਰ ਦੇ ਅਧੀਨ ਜਲਦ ਸੁਣਵਾਈ ਦੀ ਬੇਨਤੀ ਕੀਤੀ ਗਈ ਸੀ | ਸੁਪਰੀਮ ਕੋਰਟ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਅਣਗਹਿਲੀ 'ਤੇ ਸਵਾਲ ਖੜੇ ਕਰਨ ਵਾਲੀ ਪਟੀਸ਼ਨ 'ਤੇ ਜਲਦ ਸੁਣਵਾਈ ਦੀ ਬੇਨਤੀ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਨੇ ਕੀਤੀ ਸੀ | (ਪੀਟੀਆਈ)