ਕੇਂਦਰ ਤੇ ਪੰਜਾਬ ਦੀਆਂ ਕਮੇਟੀਆਂ ਨੇ ਜਾਂਚ ਦਾ ਕੰਮ ਸ਼ੁਰੂ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਤੇ ਪੰਜਾਬ ਦੀਆਂ ਕਮੇਟੀਆਂ ਨੇ ਜਾਂਚ ਦਾ ਕੰਮ ਸ਼ੁਰੂ ਕੀਤਾ

image

 

ਕੇਂਦਰੀ ਗ੍ਰਹਿ ਮੰਤਰਾਲੇ ਦੀ ਜਾਂਚ ਟੀਮ ਨੇ ਡੀਜੀਪੀ ਸਮੇਤ 13 ਪੁਲਿਸ ਤੇ
ਸਿਵਲ ਅਧਿਕਾਰੀਆਂ ਨੂੰ  ਪੁੱਛਗਿਛ ਲਈ ਤਲਬ ਕੀਤਾ

ਚੰਡੀਗੜ੍ਹ, 7 ਜਨਵਰੀ (ਗੁਰਉਪਦੇਸ਼ ਭੁੱਲਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਸਮੇਂ ਫ਼ਿਰੋਜ਼ਪੁਰ ਰੈਲੀ 'ਚ ਨਾ ਪਹੁੰਚ ਸਕਣ ਕਾਰਨ ਸੁਰੱਖਿਆ ਚੂਕ ਦੇ ਮਾਮਲੇ ਨੂੰ  ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਬਣਾਈ ਗਈ 2 ਮੈਂਬਰੀ ਕਮੇਟੀ ਨੇ ਅਪਣੀ ਜਾਂਚ ਦਾ ਕੰਮ ਸ਼ੁਰੂ ਕਰ ਦਿਤਾ ਹੈ, ਭਾਵੇਂ ਕਿ ਸੁਪਰੀਮ ਕੋਰਟ 'ਚ ਅੱਜ ਇਸ ਮਾਮਲੇ ਨੂੰ  ਲੈ ਕੇ ਹੋਈ ਸੁਣਵਾਈ ਸਮੇਂ ਦੋਵੇਂ ਜਾਂਚ ਕਮੇਟੀਆਂ ਨੂੰ  ਸੋਮਵਾਰ ਤਕ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਗਿਆ ਹੈ |
ਅੱਜ ਕੇਂਦਰ ਵਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਫ਼ਿਰੋਜ਼ਪੁਰ ਪਹੁੰਚੀ | ਇਸ ਦੀ ਅਗਵਾਈ ਕੇਂਦਰੀ ਕੈਬਨਿਟ ਸਕੱਤਰ(ਸੁਰੱਖਿਆ) ਸੁਧੀਰ ਸਕਸੈਨਾ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਆਈ.ਬੀ. ਜਾਇੰਟ ਡਾਇਰੈਕਟਰ ਬਲਵੀਰ ਸਿੰਘ ਅਤੇ ਵਿਸ਼ੇਸ਼ ਸੁਰੱਖਿਆ ਗਰੁੱਪ ਦੇ ਆਈ.ਜੀ. ਸੁਰੇਸ਼ ਕੁਮਾਰ ਆਏ ਹਨ | ਇਸ ਟੀਮ ਨੇ ਪੁੱਛ ਪੜਤਾਲ ਲਈ ਸ਼ੁਕਰਵਾਰ ਸ਼ਾਮ ਤਕ ਪੰਜਾਬ ਦੇ ਡੀਜੀਪੀ ਐਸ.ਚਟੋਪਾਧਿਆਏ ਸਮੇਤ 13 ਪੁਲਿਸ ਤੇ ਸਿਵਲ ਅਫ਼ਸਰਾਂ ਨੂੰ  ਪੱੁਛਗਿਛ ਲਈ ਪੰਜਾਬ ਦੇ ਮੁੱਖ ਸਕੱਤਰ ਰਾਹੀਂ ਤਲਬ ਕੀਤਾ ਹੈ | ਇਨ੍ਹਾਂ 'ਚ ਪੰਜ ਜ਼ਿਲਿ੍ਹਆਂ ਦੇ ਐਸ.ਐਸ.ਪੀ ਵੀ ਸ਼ਾਮਲ ਹਨ | ਖ਼ਬਰ ਲਿਖੇ ਜਾਣ ਤਕ ਬੀ.ਐਸ.ਐਫ਼ ਹੈਡਕੁਆਟਰ ਫ਼ਿਰੋਜ਼ਪੁਰ ਵਿਖੇ ਬਹੁਤੇ ਅਧਿਕਾਰੀ ਪੇਸ਼ ਹੋ ਕੇ ਅਪਣਾ ਪੱਖ ਰੱਖ ਚੁੱਕੇ ਹਨ | ਜਿਨ੍ਹਾਂ ਅਧਿਕਾਰੀਆਂ ਨੂੰ  ਤਲਬ ਕੀਤਾ ਗਿਆ ਉਨ੍ਹਾਂ 'ਚ ਡੀ.ਜੀ.ਪੀ. ਤੋਂ ਇਲਾਵਾ ਪੰਜਾਬ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਖਣ ਵਾਲੇ ਏ.ਡੀ.ਜੀ.ਪੀ ਨਾਗੇਸ਼ਵਰ ਰਾਓ, ਏ.ਡੀ.ਜੀ.ਪੀ. ਜਤਿੰਦਰ ਜੈਨ, ਫ਼ਿਰੋਜ਼ਪੁਰ ਦੇ ਡੀ.ਸੀ. ਦਵਿੰਦਰ ਸਿੰਘ, ਬਠਿੰਡਾ ਦੇ ਡੀਸੀ ਏ.ਪੀ.ਐਸ ਸੰਧੂ ਤੇ ਕੋਟਕਪੂਰਾ ਦੇ ਡਿਊਟੀ ਮੈਜਿਸਟਰੇਟ ਵਰਿੰਦਰ ਸਿੰਘ ਸ਼ਾਮਲ ਹਨ | ਕੇਂਦਰੀ ਟੀਮ ਨੇ ਸਵੇਰੇ ਸੱਭ ਤੋਂ ਪਹਿਲਾਂ ਉਸ ਥਾਂ ਪਹੁੰਚ ਕੇ ਜਾਇਜ਼ਾ ਲਿਆ, ਜਿਥੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਸੀ | ਉਸ ਤੋਂ ਬਾਅਦ ਟੀਮ ਹੂਸੈਨੀਵਾਲ ਤਕ ਗਈ ਜਿਸ ਰੂਟ ਉਪਰ ਪ੍ਰਧਾਨ ਮੰਤਰੀ ਨੇ ਜਾਣਾ ਸੀ |
ਇਸ ਦੌਰਾਨ ਪੰਜਾਬ ਵਲੋਂ ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਹੇਠ ਗਠਤ ਜਾਂਚ ਟੀਮ ਨੇ ਵੀ ਅਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਡੀ.ਜੀ.ਪੀ. ਚਟੋਪਾਧਿਆਏ ਤੋਂ ਇਲਾਵਾ ਉਸ ਦਿਨ ਪ੍ਰਧਾਨ ਮੰਤਰੀ  ਦੇ ਰੂਟ 'ਤੇ ਤੈਨਾਤ ਤੇ ਹੋਰ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ |