ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, BJP ਕੌਂਸਲਰ ਸਰਬਜੀਤ ਕੌਰ ਦੇ ਸਿਰ ਸੱਜਿਆ ਤਾਜ
ਇੱਕ ਵੋਟ ਦੇ ਫ਼ਰਕ ਨਾਲ ਸਰਬਜੀਤ ਕੌਰ ਬਣੇ ਚੰਡੀਗੜ੍ਹ ਦੇ 28ਵੇਂ ਮੇਅਰ
ਦਲੀਪ ਸ਼ਰਮਾ ਬਣੇ ਸੀਨੀਅਰ ਡਿਪਟੀ ਮੇਅਰ ਅਤੇ ਅਨੂਪ ਗੁਪਤਾ ਬਣੇ ਡਿਪਟੀ ਮੇਅਰ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਅੱਜ ਵੋਟਾਂ ਪਾਈਆਂ ਜਿਸ ਵਿਚ ਭਾਜਪਾ ਨੇ ਜੇਤੂ ਪਾਰੀ ਖੇਡਦਿਆਂ ਮੇਅਰ ਦੀ ਕੁਰਸੀ 'ਤੇ ਕਾਬਜ਼ ਹੋ ਗਏ ਹਨ।
ਦੱਸ ਦੇਈਏ ਕਿ ਭਾਜਪਾ ਦੇ ਕੌਂਸਲਰ ਸਰਬਜੀਤ ਕੌਰ ਮੇਅਰ ਬਣੇ ਹਨ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਸੀ। ਇਹ ਵੀ ਦੱਸਣਯੋਗ ਹੈ ਕਿ ਭਾਜਪਾ ਦੇ ਹਿੱਸੇ 14 ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ 13 ਵੋਟਾਂ ਆਈਆਂ ਹਨ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਵਰਕਰਾਂ ਵਿਚ ਇਸ ਮੌਕੇ ਹੰਗਾਮਾ ਵੀ ਵੇਖਣ ਨੂੰ ਮਿਲਿਆ ਹੈ।
ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਦੇ ਅਸੈਂਬਲੀ ਹਾਲ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਨਾਹਰੇਬਾਜ਼ੀ ਕਰਦਿਆਂ ਹੰਗਾਮਾ ਕੀਤਾ ਗਿਆ।
ਇਸ ਦੌਰਾਨ ਭਾਜਪਾ ਅਤੇ ਆਪ ਦੇ ਵਰਕਰ ਆਹਮੋ - ਸਾਹਮਣੇ ਹੋ ਗਏ। ਮੇਅਰ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਅੰਜੂ ਕਟਿਆਲ ਸਮੇਤ ਹੋਰ ਕੌਂਸਲਰਾਂ ਵਲੋਂ ਤਾੜੀਆਂ ਮਾਰ ਕੇ ਵਿਰੋਧ ਕੀਤਾ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਇੱਕ ਵੋਟ ਨੂੰ ਗਿਣਿਆ ਗਿਆ ਅਤੇ ਹਵਾਲਾ ਇਹ ਦਿਤਾ ਗਿਆ ਕਿ ਇਹ ਪਰਚੀ ਫਟੀ ਹੋਈ ਹੈ ਇਸ ਲਈ ਇਸ ਨੂੰ ਗਿਣਿਆ ਨਹੀਂ ਜਾਵੇਗਾ। ਮਾਹੌਲ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਵੀ ਮੌਕੇ 'ਤੇ ਮੌਜੂਦ ਰਹੀ। ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਦਲੀਪ ਸ਼ਰਮਾ ਬਣੇ ਸੀਨੀਅਰ ਡਿਪਟੀ ਮੇਅਰ ਅਤੇ ਅਨੂਪ ਗੁਪਤਾ ਬਣੇ ਡਿਪਟੀ ਮੇਅਰ
ਇਸ ਦੇ ਨਾਲ ਹੀ ਭਾਜਪਾ ਦੇ ਦਲੀਪ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਕੁੱਲ 28 ਵਿਚੋਂ 15 ਵੋਟਾਂ ਲੈ ਕੇ ਦਲੀਪ ਸ਼ਰਮਾ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ ਹਨ।
ਇਸ ਤੋਂ ਇਲਾਵਾ ਡਿਪਟੀ ਮੇਅਰ ਦੀ ਚੋਣ ਡਰਾਅ ਸਿਸਟਮ ਰਹੀ ਕੀਤੀ ਗਈ ਹੈ। ਕਮਿਸ਼ਨਰ ਐਮਸੀ ਅਨਿੰਦਿਤਾ ਮਿੱਤਰਾ ਨੇ ਪਰਚੀ ਕੱਢੀ ਅਤੇ ਇਹ ਪਰਚੀ ਭਾਜਪਾ ਦੇ ਅਨੂਪ ਗੁਪਤਾ ਦੇ ਨਾਮ ਦੀ ਨਿਕਲੀ। ਇਸ ਲਈ ਹੁਣ ਚੰਡੀਗੜ੍ਹ ਨਗਰ ਨਿਗਮ ਵਿਚ ਭਾਜਪਾ ਸੱਤ ਵਿਚ ਆ ਗਈ ਹੈ।