ਸਿੱਖਾਂ ਵਿਰੁਧ ਨਫ਼ਰਤੀ ਪ੍ਰਚਾਰ ਨੂੰ ਨੱਥ ਪਾਈ ਜਾਵੇ : ਜਥੇਦਾਰ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਾਂ ਵਿਰੁਧ ਨਫ਼ਰਤੀ ਪ੍ਰਚਾਰ ਨੂੰ ਨੱਥ ਪਾਈ ਜਾਵੇ : ਜਥੇਦਾਰ

image


ਅੰਮਿ੍ਤਸਰ, 7 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸਨਮਾਨਯੋਗ ਹਸਤੀ ਹੈ | ਉਨ੍ਹਾਂ ਦੀ ਸੁਰੱਖਿਆ ਤੇ ਹਿਫ਼ਾਜ਼ਤ ਕਰਨੀ ਸਾਰੀਆਂ ਸਰਕਾਰਾਂ ਦਾ ਫ਼ਰਜ਼ ਹੈ | ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ, ਸਿੱਖਾਂ ਵਿਰੁਧ ਨਫ਼ਰਤੀ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਹੈ, ਇਸ ਨੂੰ  ਤੁਰਤ ਨੱਥ ਪਾਉਣੀ ਚਾਹੀਦੀ ਹੈ ਤੇ ਸ਼ਰਾਰਤੀ ਤੱਤਾਂ ਵਿਰੁਧ ਦੇਸ਼ ਧ੍ਰੋਹੀ ਦੇ ਪਰਚੇ ਦਰਜ ਹੋਣੇ ਚਾਹੀਦੇ ਹਨ | ਇਹ ਪ੍ਰਗਟਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ, ਸੁਰੱਖਿਆ ਕੁਤਾਹੀ ਹੋਈ ਹੈ, ਜਿਸ ਦਾ ਸਿੱਖ ਕੌਮ ਨਾਲ ਕੋਈ ਸਰੋਕਾਰ ਨਹੀ | ਉਨ੍ਹਾਂ ਮੁਤਾਬਕ ਮੋਦੀ ਦੇ ਪੰਜਾਬ ਦੇ ਜਾਣ ਤੋਂ ਬਾਅਦ ਸਿੱਖਾਂ ਨੂੰ  1984 ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਜੋ ਬਰਦਾਸ਼ਤ ਕਰਨ ਯੋਗ ਨਹੀ ਪਰ ਸਰਕਾਰਾਂ ਅਜਿਹੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀਆਂ ਹਨ, ਜੋ ਨਫ਼ਰਤੀ ਪ੍ਰਚਾਰ ਸਿੱਖਾਂ ਵਿਰੁਧ ਕਰ ਰਹੇ ਹਨ  | ਉਨ੍ਹਾਂ ਦੋਸ਼ੀਆਂ ਨੂੰ  ਬੇਨਕਾਬ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਵਿਰੁਧ ਸਾਜ਼ਿਸ਼ਾਂ ਘੜਨੀਆਂ ਠੀਕ ਨਹੀ | ਨਫ਼ਰਤੀ ਪ੍ਰਚਾਰ ਸੱਭ ਤੋਂ ਘਟੀਆ ਅਤਿਵਾਦ ਹੈ | ਉਨ੍ਹਾਂ ਬੜੇ ਅਫਸੋਸ ਨਾਲ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋ ਹੀ ਕੌਮ ਵਿਰੁਧ ਘਟੀਆ ਪ੍ਰਚਾਰ ਹੋ ਰਿਹਾ ਹੈ | ਜਥੇਦਾਰ ਨੇ ਸਮੁੱਚੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਜਾਂਚ ਪੜਤਾਲ ਕਰੇ, ਸਚਾਈ ਸਾਹਮਣੇ ਲਿਆਉਣ ਪਰ ਸਿੱਖਾਂ ਨੂੰ  ਮਸਲੇ 'ਤੇ ਨਿਸ਼ਾਨਾ ਬਣਾਉਣਾ, ਸੱਭ ਤੋਂ ਨੀਵੇਂ ਪੱਧਰ ਦੀ ਸੋਚ ਹੈ |