ਦੇਸ਼ ਭਰ ਵਿਚ ਘੱਟ ਗਿਣਤੀਆਂ ਨਾਲ ਹੁੰਦੀ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਦੀਆਂ ਅਨੇਕਾਂ ਉਦਾਹਰਣਾਂ : ਮਾਨ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਭਰ ਵਿਚ ਘੱਟ ਗਿਣਤੀਆਂ ਨਾਲ ਹੁੰਦੀ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਦੀਆਂ ਅਨੇਕਾਂ ਉਦਾਹਰਣਾਂ : ਮਾਨ

image

ਕੋਟਕਪੂਰਾ, 7 ਜਨਵਰੀ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦਾ ਇਨਸਾਫ਼ ਲੈਣ ਲਈ ਬਹਿਬਲ ਅਤੇ ਬਰਗਾੜੀ ਵਿਖੇ ਦੋਵੇਂ ਥਾਵਾਂ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਬਰਗਾੜੀ ਵਿਖੇ ਅਕਾਲੀ ਦਲ ਅੰਮ੍ਰਿਤਸਰ ਵਲੋਂ 1 ਜੁਲਾਈ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਦੇ 191ਵੇਂ ਦਿਨ ਵੀ ਗਿ੍ਰਫ਼ਤਾਰੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 
ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅੱਜ ਫਿਰ ਦੁਹਰਾਇਆ ਕਿ ਇਨਸਾਫ਼ ਮਿਲਣ ਤਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਦੇਸ਼ ਭਰ ਵਿਚ ਘੱਟ ਗਿਣਤੀਆਂ ਨਾਲ ਹੁੰਦੀ ਬੇਇਨਸਾਫ਼ੀ, ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀਆਂ ਅਨੇਕਾਂ ਉਦਾਹਰਨਾਂ ਦਿਤੀਆਂ ਜਾ ਸਕਦੀਆਂ ਹਨ ਪਰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਕਮਿਸ਼ਨ ਵੀ ਸੱਤਾਧਾਰੀ ਧਿਰ ਮੂਹਰੇ ਬੇਵੱਸ ਹੋ ਕੇ ਰਹਿ ਜਾਂਦੇ ਹਨ। 
ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਦੌਰਾਨ ਗੁਰਦਵਾਰਾ ਸਾਹਿਬ ਵਿਚੋਂ ਦਿਨ-ਦਿਹਾੜੇ ਪਾਵਨ ਸਰੂਪ ਚੋਰੀ ਹੋਣਾ, ਦੋਸ਼ੀਆਂ ਵਲੋਂ ਹੱਥ ਲਿਖਤ ਪੋਸਟਰ ਲਾ ਕੇ ਖ਼ੁਦ ਕੋਲ ਪਾਵਨ ਸਰੂਪ ਹੋਣਾ ਪ੍ਰਵਾਨ ਕਰ ਲੈਣਾ, ਸ਼ਰੇਆਮ ਬੇਅਦਬੀ ਕਾਂਡ ਨੂੰ ਅੰਜਾਮ ਦੇਣਾ, ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹੁਣਾ, ਦੋ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਕੇ ਕਤਲ ਕਰ ਦੇਣਾ ਤੇ ਅਨੇਕਾਂ ਨੂੰ ਜ਼ਖ਼ਮੀ ਕਰ ਦੇਣ ਤੋਂ ਬਾਅਦ ਅਸਲ ਸਬੂਤ ਮਿਟਾ ਕੇ ਨਕਲ ਸਬੂਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਰਗੇ ਅਨੇਕਾਂ ਤੱਥ ਜਾਂਚ ਕਮਿਸ਼ਨਾਂ ਅਤੇ ਜਾਂਚ ਏਜੰਸੀਆਂ ਦੀਆਂ ਜਾਂਚ ਰੀਪੋਰਟਾਂ ਰਾਹੀਂ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਦਾਲਤਾਂ ਅਪਣੇ ਤੌਰ ’ਤੇ ਨੋਟਿਸ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਕੋਲ ਉਦੋਂ ਡੇਢ ਸਾਲ ਦਾ ਸਮਾਂ ਸੀ, ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਸਹੁੰ ਖਾ ਕੇ ਲਗਭਗ ਸਾਢੇ 4 ਸਾਲ ਸੱਤਾ ਦਾ ਆਨੰਦ ਮਾਣਿਆ ਪਰ ਚੰਨੀ ਸਰਕਾਰ ਨੇ ਵੀ ਵਿਸ਼ਵਾਸ ਦਿਵਾਇਆ ਕਿ ਉਹ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਜ਼ਰੂਰ ਦਿਵਾਉਣਗੇ ਪਰ ਚੋਣ ਜ਼ਾਬਤਾ ਲੱਗਣ ਦੇ ਕੁਝ ਕੁ ਘੰਟੇ ਹੀ ਬਾਕੀ ਰਹਿ ਗਏ ਹਨ ਤੇ ਇਨਸਾਫ ਮਿਲਣ ਦੀ ਸੰਭਾਵਨਾ ਧੁੰਦਲੀ ਪੈਂਦੀ ਜਾ ਰਹੀ ਹੈ। 
ਉਨ੍ਹਾਂ ਦਸਿਆ ਕਿ ਅੱਜ ਤਰਨਤਾਰਨ ਸਾਹਿਬ ਦੇ ਜਥੇਦਾਰ ਹਰਜੀਤ ਸਿੰਘ ਮੀਆਂਪੁਰ ਦੀ ਅਗਵਾਈ ਵਿਚ 6 ਸਿੰਘਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਜੈਕਾਰੇ ਲਾ ਕੇ ਗਿ੍ਰਫ਼ਤਾਰੀ ਦਿਤੀ। 
ਫੋਟੋ :- ਕੇ.ਕੇ.ਪੀ.-ਗੁਰਿੰਦਰ-7-9ਆਈ