ਚੋਣਾਂ ਤੋਂ ਪਹਿਲਾਂ 34 IAS-PCS ਅਫਸਰਾਂ ਦੇ ਕੀਤੇ ਤਬਾਦਲੇ
ਸਰਕਾਰ ਨੇ 7 ਆਈਪੀਐੱਸ ਤੇ 2 ਪੀਪੀਐੱਸ ਅਧਿਕਾਰੀਆਂ ਦੇ ਵੀ ਕੀਤੇ ਤਬਾਦਲੇ
ਚੰਡੀਗੜ੍ਹ - ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੋਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। 34 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਇੱਧਰ ਤੋਂ ਉਧਰ ਕਰ ਦਿੱਤਾ ਗਿਆ ਹੈ। ਸਰਕਾਰ ਨੇ ਟਰਾਂਸਪੋਰਟ ਵਿਚ ਖਾਲੀ ਪਈ ਅਸਾਮੀ ’ਤੇ ਆਈਏਐਸ ਅਧਿਕਾਰੀ ਫਰੀਦਕੋਰਟ ਦੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਥਾਂ ਨਵਾਂਸ਼ਹਿਰ ਦੇ ਏਡੀਸੀ ਹਰਬੀਰ ਸਿੰਘ ਨੂੰ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ, ਜੋ ਨਗਰ ਨਿਗਮ ਦੇ ਇੰਚਾਰਜ ਵੀ ਸਨ, ਉਹਨਾਂ ਨੂੰ ਹੁਣ ਵਧੀਕ ਡਿਪਟੀ ਕਮਿਸ਼ਨਰ, ਸ਼ਹਿਰੀ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਕਪੂਰਥਲਾ ਅਨੁਪਮ ਕਲੇਰ ਨੂੰ ਤਰਨਤਾਰਨ ਵਿਚ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਜਦੋਂ ਕਿ ਤਰਨਤਾਰਨ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਗਵਿੰਦਰ ਸਿੰਘ ਗਰੇਵਾਲ ਨੂੰ ਗੁਰਦਾਸਪੁਰ ਵਿਚ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਲਗਾਇਆ ਗਿਆ ਹੈ।
ਗੁਰਦਾਸਪੁਰ ਵਿਚ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਾ ਕੰਮ ਦੇਖ ਰਹੀ ਪੀਸੀਐਸ ਅਧਿਕਾਰੀ ਅਮਨਦੀਪ ਕੌਰ ਘੁੰਮਣ ਨੂੰ ਐਸਡੀਐਮ ਮਜੀਠਾ ਲਾਇਆ ਗਿਆ ਹੈ।
ਮਜੀਠਾ ਦੇ ਮੌਜੂਦਾ ਐਸਡੀਐਮ ਪੀਸੀਐਸ ਅਧਿਕਾਰੀ ਅਮਨਪ੍ਰੀਤ ਸਿੰਘ ਨੂੰ ਐਸਡੀਐਮ ਗੁਰਦਾਸਪੁਰ, ਜਦੋਂਕਿ ਐਸਡੀਐਮ ਗੁਰਦਾਸਪੁਰ ਸੁਮਿਤ ਮੁੱਧ ਨੂੰ ਅਰਬਨ ਅਸਟੇਟ ਅਫਸਰ ਜਲੰਧਰ ਵਿਚ ਲਾਇਆ ਗਿਆ ਹੈ। ਸੁਮਿਤ ਨੂੰ ਜਲੰਧਰ ਵਿਚ ਵਧੀਕ ਸਹਾਇਕ ਕਮਿਸ਼ਨਰ (ਸ਼ਿਕਾਇਤ) ਦਾ ਚਾਰਜ ਵੀ ਦਿੱਤਾ ਗਿਆ ਹੈ।
ਜਲੰਧਰ ਦੇ ਵਧੀਕ ਸਹਾਇਕ ਕਮਿਸ਼ਨਰ (ਸ਼ਿਕਾਇਤ) ਪੀਸੀਐਸ ਅਧਿਕਾਰੀ ਰਣਦੀਪ ਸਿੰਘ ਨੂੰ ਕਲੈਕਟਰ, ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੇ ਨਾਲ-ਨਾਲ ਐਸਡੀਐਮ ਸੁਲਤਾਨਪੁਰ ਲੋਧੀ ਦਾ ਚਾਰਜ ਦਿੱਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿਚ ਇਨ੍ਹਾਂ ਸਾਰੇ ਕੰਮਾਂ ਦੀ ਦੇਖ ਰੇਖ ਕਰ ਰਹੇ ਪੀਸੀਐਸ ਅਧਿਕਾਰੀ ਰਣਜੀਤ ਸਿੰਘ ਨੂੰ ਕਪੂਰਥਲਾ ਵਿਚ ਸਹਾਇਕ ਕਮਿਸ਼ਨਰ ਲਾਇਆ ਗਿਆ ਹੈ।