ਚੋਣ ਜ਼ਾਬਤਾ ਲੱਗਦੇ ਹੀ ਹਰਕਤ 'ਚ ਪ੍ਰਸ਼ਾਸਨ, ਜਲੰਧਰ 'ਚ ਉਤਾਰੇ ਸਿਆਸੀ ਪਾਰਟੀਆਂ ਦੇ ਹੋਰਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਲਾਇੰਗ ਸਕੁਐਡ ਨੇ ਸ਼ਨੀਵਾਰ ਨੂੰ ਚੋਣਾਂ ਦੇ ਐਲਾਨ ਦੇ ਨਾਲ ਹੀ ਆਪਣੇ ਆਪ ਨੂੰ ਸਰਗਰਮ ਕਰ ਲਿਆ ਹੈ।

File Photo

 

ਜਲੰਧਰ - ਚੋਣਾਂ ਦਾ ਐਲਾਨ ਹੁੰਦੇ ਹੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਦਿੱਲੀ ਵਿਚ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਰਾਜਾਂ ਵਿਚ ਚੋਣਾਂ ਦਾ ਐਲਾਨ ਹੁੰਦੇ ਹੀ ਜਲੰਧਰ ਸ਼ਹਿਰ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੋਰਡਿੰਗ, ਬੈਨਰ ਪੋਸਟਰ ਆਦਿ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਚੋਣਾਂ ਦੌਰਾਨ ਨਜ਼ਰ ਰੱਖਣ ਲਈ ਬਣਾਈ ਗਈ ਫਲਾਇੰਗ ਸਕੁਐਡ ਨੇ ਸ਼ਨੀਵਾਰ ਨੂੰ ਚੋਣਾਂ ਦੇ ਐਲਾਨ ਦੇ ਨਾਲ ਹੀ ਆਪਣੇ ਆਪ ਨੂੰ ਸਰਗਰਮ ਕਰ ਲਿਆ ਹੈ।

ਫਲਾਇੰਗ ਸਕੁਐਡ ਨੇ ਸ਼ਹਿਰ ਦਾ ਦੌਰਾ ਕਰਕੇ ਦੇਖਿਆ ਕਿ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਸੀਨੀਅਰ ਆਗੂਆਂ ਦੀ ਆਮਦ ਦੇ ਸਵਾਗਤ ਲਈ ਕੰਧਾਂ 'ਤੇ ਹੋਰਡਿੰਗ, ਬੈਨਰ ਅਤੇ ਪੋਸਟਰ ਲਗਾਏ ਸਨ। ਹੁਣ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਹ ਸਾਰੇ ਨਿਯਮ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਦਾਇਰੇ 'ਚ ਆਉਂਦੇ ਹਨ। ਅਜਿਹੇ ਵਿਚ ਫਲਾਇੰਗ ਸਕੁਐਡ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿਰ ਦੇ ਅੰਦਰ ਅਤੇ ਬਾਹਰ ਅਜਿਹੇ ਹੋਰਡਿੰਗਜ਼, ਫਲੈਕਸਾਂ, ਬੋਰਡਾਂ ਅਤੇ ਪੋਸਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਲਈ ਕਿਹਾ।

ਪ੍ਰਸ਼ਾਸਨ ਨੇ ਨਿਗਮ ਦੀ ਟੀਮ ਨੂੰ ਅਗਲੇ ਹੁਕਮ ਦਿੱਤੇ ਹਨ। ਹੁਕਮ ਮਿਲਦੇ ਹੀ ਨਗਰ ਨਿਗਮ ਦੀ ਟੀਮ ਆਪਣੇ ਵਾਹਨਾਂ ਅਤੇ ਹੋਰ ਗੱਡੀਆਂ ਨਾਲ ਸ਼ਹਿਰ ਵਿਚ ਘੁੰਮਣ ਲੱਗ ਗਏ ਹਨ। ਦੁਪਹਿਰ ਬਾਅਦ ਨਗਰ ਕੌਂਸਲ ਦੀ ਟੀਮ ਨੇ ਆਪਣੀ ਕਾਰਵਾਈ ਕਰਦਿਆਂ ਸ਼ਹਿਰ ਦੇ ਅੰਦਰ ਅਤੇ ਬਾਹਰ ਪੁਲਾਂ, ਸਰਕਾਰੀ ਜਾਇਦਾਦਾਂ ’ਤੇ ਲੱਗੇ ਸਿਆਸੀ ਆਗੂਆਂ ਦੇ ਪੋਸਟਰਾਂ ਨੂੰ ਉਤਾਰ ਦਿੱਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਦੇ ਹੋਰਡਿੰਗ ਅਤੇ ਬੋਰਡ ਉਤਾਰ ਕੇ ਨਗਰ ਨਿਗਮ ਦੇ ਕਰਮਚਾਰੀ ਉਨ੍ਹਾਂ ਨੂੰ ਆਪਣੇ ਵਾਹਨਾਂ ਵਿਚ ਰੱਖ ਕੇ ਲੈ ਗਏ।