ਸਿੱਧੂ ਦੀ ਮੋਦੀ-ਸ਼ਾਹ ਨੂੰ ਤਾੜਨਾ 'ਗੰਦੀ ਸਿਆਸਤ' ਬੰਦ ਕਰੋ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੀ ਮੋਦੀ-ਸ਼ਾਹ ਨੂੰ ਤਾੜਨਾ 'ਗੰਦੀ ਸਿਆਸਤ' ਬੰਦ ਕਰੋ

image

 

ਚੰਡੀਗੜ੍ਹ, 7 ਜਨਵਰੀ (ਜੀ.ਸੀ.ਭਾਰਦਵਾਜ): ਦੋ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਦਿਨਾਂ ਫੇਰੀ ਮੌਕੇ ਪੰਜਾਬ ਸਰਕਾਰ, ਡੀਜੀਪੀ, ਤੇ ਸੁਰੱਖਿਆ ਅਮਲੇ ਵਲੋਂ ਕੀਤੀ ਅਣਗਹਿਲੀ ਸਬੰਧੀ, ਭਾਜਪਾ, ਕਾਂਗਰਸ, ਆਪ ਤੇ ਹੋਰ ਪਾਰਟੀਆਂ ਦੇ ਲੀਡਰਾਂ ਵਲੋਂ ਕੀਤੀ ਜਾਂਦੀ ਹੇਠਲੇ ਪੱਧਰ ਦੀ ਬਿਆਨਬਾਜ਼ੀ ਨੂੰ  ਹੋਰ ਅੱਗੇ ਵਧਾਉਂਦੇ ਹੋਏ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਭਾਜਪਾ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਅਪਣੀ ਸੰਭਾਵੀ ਹਾਰ ਨੂੰ  ਦੇਖਦੇ ਹੋਏ ਕਾਂਗਰਸ ਸਰਕਾਰ ਨੂੰ  ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ |
ਉੱਚੀ ਸੁਰ 'ਚ ਤਰ੍ਹਾਂ-ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਹਰ ਨਵਜੋਤ ਸਿੱਧੂ ਨੇ ਲਗਾਤਾਰ ਅਪਣੇ ਵਿਰੋਧੀਆਂ ਵਿਰੁਧ ਕਾਫ਼ੀ ਦੇਰ ਭਾਸ਼ਣ ਦਿਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾ ਕੇ ਭਾਜਪਾ ਨਾਲ ਮਿਲ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਨੂੰ  'ਮੋਦੀ-ਸ਼ਾਹ ਦਾ ਤੋਤਾ' ਕਿਹਾ | ਨਵਜੋਤ ਸਿੱਧੂ ਨੇ ਅੱਜ ਅਪਣੀ ਆਲੋਚਨਾ  ਕਰਨ ਦੀ ਸੂਈ, ਮੁੱਖ ਮੰਤਰੀ ਚੰਨੀ ਤੇ ਹੋਰਨਾਂ ਤੋਂ ਹਟਾ ਕੇ ਵਿਰੋਧੀ ਪਾਰਟੀਆਂ ਵਿਰੁਧ ਵਰਤਣੀ ਸ਼ੁਰੂ ਕਰ ਦਿਤੀ | ਮੀਡੀਆ ਵਲੋਂ ਪੁੱਛੇ ਕਈ ਸਵਾਲਾਂ ਦਾ ਜਵਾਬ ਸਿੱਧੂ ਨੇ ਸਿਰਫ਼ ਘੜੇ-ਘੜਾਏ ਸ਼ਬਦਾਂ 'ਭਾਜਪਾ ਰੈਲੀ ਫੇਲ੍ਹ ਹੋ ਗਈ' 'ਮੋਦੀ ਨੇ ਟਵੀਟ ਰਾਹੀਂ ਪਜੰਾਬ ਦੇ ਪੰਜਾਬੀਅਤ ਨੂੰ  ਬਦਨਾਮ ਕੀਤਾ', ਕਿਸਾਨਾਂ ਦੀ ਗੱਲ ਨਹੀਂ ਸੁਣੀ' ਦੀ ਹੀ ਵਰਤੋਂ ਕੀਤੀ ਅਤੇ ਵਾਰ ਵਾਰ ਇਹੀ ਕਿਹਾ, 'ਭਾਜਪਾ ਨੂੰ  ਪੰਜਾਬ 'ਚ ਕੋਈ ਨਹੀਂ ਪੁੱਛਦਾ', 'ਇਨ੍ਹਾਂ ਦੇ ਪੱਲੇ ਨਾ ਵੋਟ ਹੈ ਅਤੇ ਨਾ ਲੋਕ ਹੈ' |
ਕਾਰਗਸ ਪ੍ਰਧਾਨ ਨੇ ਦੋਸ਼ ਲਾਇਆ ਕਿ ਭਾਜਪਾ ਨੇ ਸਿਰਫ਼ ਚੋਣਾਂ 'ਚ ਲਾਹਾ ਲੈਣ ਲਈ ਮੋਦੀ ਦੀ ਫੇਰੀ ਦਾ ਡਰਾਮਾ ਰਚਿਆ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਕੀਮ ਬਣਾਈ ਸੀ, ਜੋ ਠੁੱਸ ਹੋ ਗਈ | ਨਵਜੋਤ ਸਿੱਧੂ ਨੇ ਅਪਣੇ ਨਵੇਂ ਅੰਦਾਜ਼ ਵਿਚ ਕਿਹਾ ਕਿ ਪਜੰਾਬ ਦੀ ਕਾਨੂੰਨ ਵਿਵਸਥਾ ਠੀਕ ਹੈ, 'ਗੰਦੀ ਸਿਆਸਤ' ਬੰਦ ਹੋਵੇ, ਤੋਹਮਤਾਂ ਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਪ੍ਰਧਾਨ ਮੰਤਰੀ ਸਿਰਫ਼ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ, ਅਤੇ ਫ਼ਿਰੋਜ਼ਪੁਰ ਰੈਲੀ ਦੇ ਫੇਲ੍ਹ ਹੋਣਾ ਭਾਂਡਾ, ਸੁਰੱਖਿਆ ਅਮਲੇ ਜਾਂ ਕਿਸਾਨਾਂ 'ਤੇ ਨਾ ਭੰਨੇ |
ਪੰਜਾਬ ਭਾਜਪਾ ਦੇ ਵਫ਼ਦ ਵਲੋਂ ਬੀਤੇ ਕਲ ਪੰਜਾਬ ਦੇ ਰਾਜਪਾਲ ਨੂੰ  ਮਿਲ ਕੇ ਸੂਬੇ 'ਚ ਡੀਜੀਪੀ , ਮੁੱਖ ਸਕੱਤਰ, ਗ੍ਰਹਿ ਮੰਤਰੀ ਵਿਰੁਧ ਐਕਸ਼ਨ ਦੀ ਮੰਗ ਸਬੰਧੀ ਪੁੱਛੇ ਸਵਾਲ 'ਤੇ ਨਵਜੋਤ ਸਿੱਧੂ ਨੇ ਮੁੜ ਅਪਣੀ ਸੂਈ, ਫ਼ਿਰੋਜ਼ਪੁਰ ਰੈਲੀ ਦੇ 'ਫ਼ਲਾਪ ਸ਼ੋਅ' ਵਲ ਟਿਕਾ ਦਿਤੀ ਅਤੇ ਕਿਹਾ, ਲੋਕਾਂ ਦੀ ਚੁਣੀ ਸਰਕਾਰ ਨੂੰ  ਭੰਗ ਕਰਨ ਦੀ ਹਿੰਮਤ ਕੇਂਦਰ 'ਚ ਨਹੀਂ ਹੈ | ਪ੍ਰਧਾਨ ਮੰਤਰੀ ਦੀ 'ਸੁਰੱਖਿਆ ਸਬੰਧੀ ਨਿਯਮਾਂ ਤੇ ਕਾਨੂੰਨੀ ਸ਼ਬਦਾਂ ਦੀ ਕਿਤਾਬ' 'ਚ ਤੈਅ ਕੀਤੇ ਸਿਸਟਮ ਅਤੇ ਹੋਈ ਕੁਤਾਹੀ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਨਵਜੋਤ ਸਿੱਧੂ ਨੇ ਮੁੁੜ ਘੁੰਮ ਘੁਮਾ ਕੇ ਇਹੀ ਦਿਤਾ ਕਿ ਭਾਜਪਾ ਚੋਣਾਂ ਮੌਕੇ ਇਹੋ ਜਿਹੇ 'ਡਰਾਮੇ' ਕਰਦੀ ਹੈ |
ਜ਼ਿਕਰਯੋਗ ਹੈ ਕਿ ਨਵੰਬਰ 2016 ਤਕ ਕਾਂਗਰਸ ਆਉਣ ਤੋਂ ਪਹਿਲਾਂ ਨਵਜੋਤ ਸਿੱਧੂ 17 ਸਾਲ ਭਾਜਪਾ ਨਾਲ ਰਹੇ ਸਨ ਅਤੇ ਅੰਮਿਤਸਰ ਸੀਟ ਤੋਂ ਤਿੰਨ ਵਾਰ ਐਮ.ਪੀ ਅਤੇ ਬਾਅਦ ਵਿਚ ਰਾਜ ਸਭਾ ਵਾਸਤੇ ਨਾਮਜ਼ਦ ਮੈਂਬਰ ਬਣਾਏ ਗਏ ਸਨ |