ਇੱਕੋ ਪਰਿਵਾਰ ਨਾਲ ਵਿਆਹ ਤੋਂ ਪਰਤਦੇ ਹੋਏ ਵਾਪਰਿਆ ਹਾਦਸਾ, 5 ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਪੰਜਾਬ

 ਇੱਕ ਜ਼ਖ਼ਮੀ, ਅਲਟੋ ਕਾਰ ਤੇ ਟਿੱਪਰ ਦੀ ਹੋਈ ਜ਼ਬਰਦਸਤ ਟੱਕਰ

Accident

 

ਬਟਾਲਾ - ਸਥਾਨਕ ਜਲੰਧਰ ਤੇ ਸਥਿਤ ਪਿੰਡ ਮਿਸ਼ਰਪੁਰਾ ਲਾਗੇ ਵਾਪਰੇ ਇਕ ਦਰਦਨਾਕ ਹਾਦਸੇ 5 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਬੱਚਾ ਜ਼ਖਮੀ ਹੋ ਗਿਆ ।ਮਾਰੇ ਜਾਣ ਵਾਲੇ ਇਕੋ ਪਰਿਵਾਰ ਨਾਲ ਸਬੰਧਤ ਹਨ। ਕਾਰ ਵਿਚ ਕੁੱਲ 6 ਜੀਅ ਸਵਾਰ ਸਨ ਜਿੰਨਾਂ ਵਿਚੋਂ 5 ਦੀ ਮੌਤ ਹੋ ਗਈ ਅਤੇ ਗੰਭੀਰ ਰੂਪ ਵਿਚ ਜ਼ਖਮੀ ਬੱਚਾ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਹਾਦਸਾ ’ਚ ਮਾਰੇ ਗਏ ਵਿਆਕਤੀ ਬਟਾਲਾ ਤੋਂ ਇਕ ਵਿਆਹ ਵੇਖ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ।

ਇਸ ਸਬੰਧ ’ਚ ਪ੍ਰਾਪਤ ਜਾਣਕਾਰੀ ਅਨੁਸਾਰ ਆਸ਼ੂ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚਾਹਲ ਕਲਾਂ ਆਪਣੇ ਰਿਸ਼ਤੇਦਾਰ ਪਰਮਜੀਤ ਸਿੰਘ ਪੁੱਤਰ ਸੋਹਨ ਸਿੰਘ, ਛਿੰਦਰ ਕੌਰ ਪਤਨੀ ਸੋਹਨ ਸਿੰਘ, ਪ੍ਰਭਜੋਤ ਕੌਰ ਪਤਨੀ ਪਰਮਜੀਤ ਸਿੰਘ ਅਤੇ ਬੱਚੀ ਸੀਰਤ ਕੌਰ ਅਤੇ ਇਕ ਬੱਚੇ ਸਮੇਤ ਐਤਵਾਰ ਨੂੰ ਬਟਾਲਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਤੇ ਗਏ ਸਨ ਅਤੇ ਵਿਆਹ ਵੇਖ ਕੇ ਸ਼ਾਮ ਨੂੰ ਵਕਤ ਕਰੀਬ 6 ਵਜੇ ਆਪਣੀ ਅਲਟੋ ਕਾਰ ਵਿਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਅਤੇ ਜਦੋਂ ਉਹਨਾਂ ਦੀ ਕਾਰ ਜਲੰਧਰ ਰੋਡ ਸਥਿਤ ਪਿੰਡ ਮਿਸ਼ਰਪੁਰਾ ਦੇ ਕੋਲ ਪੁੱਜੀ ਤਾਂ ਮਹਿਤਾ ਚੌਂਕ ਵਲੋਂ ਆ ਰਹੇ ਟਿੱਪਰ ਵਿਚ ਜਾ ਵੱਜੀ

ਜਿਸ ਕਾਰਨ ਪਰਮਜੀਤ ਸਿੰਘ ਪੱਤਰ ਸੋਹਨ ਸਿੰਘ, ਆਸ਼ੂ ਸਿੰਘ ਪੁੱਤਰ ਅਜੀਤ ਸਿੰਘ , ਛਿੰਦਰ ਕੌਰ ਪਤਨੀ ਸੋਹਨ ਸਿੰਘ ਅਤੇ ਪ੍ਰਭਜੋਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚੇ ਸੀਰਤ ਕੌਰ ਅਤੇ ਇਕ ਹੋਰ ਬੱਚਾ ਜਖ਼ਮੀ ਹੋ ਗਿਆ ਜਿਸ ਵਿਚੋਂ ਸੀਰਤ ਦੀ ਵੀ ਹਸਪਤਾਲ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਐਸ ਐਚ ਓ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਾਰ ਅਤੇ ਟਿੱਪਰ ਵਿਚ ਵਾਪਰੇ ਇਸ ਸੜਕ ਹਾਦਸੇ ਵਿਚ 5 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਛੇਵਾਂ ਬੱਚਾ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਹਨਾਂ ਦੱਸਿਆਂ ਕਿ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਪੁਲਿਸ ਵਲੋਂ ਦੋਨਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮਰਨ ਵਾਲੇ ਸਾਰੇ ਮੈਂਬਰ ਪਿੰਡ ਚਾਹਲ ਦੇ ਵਸਨੀਕ ਹਨ ਅਤੇ ਇਕੋ ਪਰਿਵਾਰ ਦੇ ਮੈਂਬਰ ਹਨ।