ਸੁਨਹਿਰੀ ਭਵਿੱਖ ਲਈ ਹਾਂਗਕਾਂਗ ਗਈ ਪੰਜਾਬਣ ਦੀ ਮੌਤ
ਬਗ਼ੈਰ ਸੇਫ਼ਟੀ ਬੈਲਟ ਲਗਾਏ ਮਾਲ ਵਿਚ ਕੰਮ ਕਰਦੇ ਸਮੇਂ 22ਵੀਂ ਮੰਜ਼ਿਲ ਤੋਂ ਡਿੱਗੀ ਹੇਠਾਂ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ 22 ਸਾਲਾ ਲੜਕੀ ਦੀ ਹਾਂਗਕਾਂਗ ਵਿੱਚ ਮੌਤ ਹੋ ਗਈ ਹੈ। ਲੜਕੀ ਮਾਲ 'ਚ ਕੰਮ ਕਰਦੀ ਸੀ। ਉਹ ਬਿਨਾਂ ਸੇਫਟੀ ਬੈਲਟ ਦੇ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਜਦੋਂ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਈ।
ਬੱਚੀ ਦੇ ਹੇਠਾਂ ਡਿੱਗਦੇ ਹੀ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਲੜਕੀ ਦੀ ਰਸਤੇ 'ਚ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਰਨਜੋਤ ਕੌਰ ਵਜੋਂ ਹੋਈ ਹੈ ਜੋ ਜਗਰਾਉਂ ਦੇ ਪਿੰਡ ਭੰਮੀਪੁਰਾ ਦੀ ਰਹਿਣ ਵਾਲੀ ਸੀ।
ਲਾਡਲੀ ਧੀ ਕਿਰਨਜੋਤ ਕੌਰ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਬੇਟੀ ਦੀ ਦੇਹ ਭਾਰਤ ਆ ਸਕੇ।
ਲੜਕੀ ਦੇ ਪਰਿਵਾਰ ਅਨੁਸਾਰ ਕਿਰਨਜੋਤ ਪੰਜਾਬ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਚੰਗੇ ਭਵਿੱਖ ਲਈ ਵਿਦੇਸ਼ ਗਈ ਸੀ। ਕਿਰਨਜੋਤ ਅਜੇ 5 ਮਹੀਨੇ ਪਹਿਲਾਂ ਹੀ ਵਿਦੇਸ਼ ਗਈ ਸੀ। ਡਿਊਟੀ 'ਤੇ ਜਾਣ ਤੋਂ ਪਹਿਲਾਂ ਲੜਕੀ ਨੇ ਪਰਿਵਾਰ ਨਾਲ ਫੋਨ 'ਤੇ ਗੱਲ ਕੀਤੀ ਸੀ। ਮਾਲ ਪ੍ਰਬੰਧਕਾਂ ਨੇ ਸ਼ੀਸ਼ੇ ਦੀ ਸਫਾਈ ਕਰਨ ਦੀ ਡਿਊਟੀ ਲਗਾਈ ਸੀ। ਮਿਲੇ ਵੇਰਵੇ ਅਨੁਸਾਰ ਹਾਦਸੇ ਤੋਂ ਪਹਿਲਾਂ ਉਹ ਤਿੰਨ ਘੰਟੇ ਤੱਕ ਸ਼ੀਸ਼ੇ ਸਾਫ ਕਰਦੀ ਰਹੀ ਅਤੇ ਅਚਾਨਕ ਸੰਤੁਲਨ ਗੁਆਚ ਗਿਆ। ਹਾਦਸੇ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਨੇ ਫੋਨ ਕਰਕੇ ਧੀ ਦੀ ਮੌਤ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ।
ਜਾਣਕਾਰੀ ਅਨੁਇਸਰ ਕਿਰਨਜੋਤ ਦੀ ਮਾਂ ਜਸਵੀਰ ਕੌਰ ਪਿੰਡ ਭੰਮੀਪੁਰਾ ਵਿੱਚ ਪੰਚਾਇਤ ਮੈਂਬਰ ਹੈ ਅਤੇ ਪਿਤਾ ਜਸਵੰਤ ਸਿੰਘ ਖੇਤੀਬਾੜੀ ਕਰਦੇ ਹਨ। ਜਦਕਿ ਇੱਕ ਵੱਡਾ ਭਰਾ ਹਰਵਿੰਦ ਸਿੰਘ ਘਰ ਰਹਿੰਦਾ ਹੈ। ਕਿਰਨਜੋਤ ਦੀ ਇੱਕ ਭੈਣ ਸੁਖੀ ਕੌਰ ਵੀ ਹੈ, ਜਿਸ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ।
ਮ੍ਰਿਤਕ ਕਿਰਨਜੋਤ ਦੇ ਚਚੇਰੇ ਭਰਾ ਰਵੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਸੀਂ ਲਾਸ਼ ਨੂੰ ਹਾਂਗਕਾਂਗ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕਿ ਜਲਦੀ ਹੀ ਦੇਹ ਨੂੰ ਅੰਤਿਮ ਸਸਕਾਰ ਲਈ ਪਿੰਡ ਭੰਮੀਪੁਰਾ ਲਿਆਂਦਾ ਜਾਵੇਗਾ।