ਲਾਪਤਾ ਪਾਵਨ ਸਰੂਪਾਂ ਦੇ ਇਨਸਾਫ਼ ਲਈ ਸਭ ਤੋਂ ਬਾਬਾ ਦਿਲਬਾਗ ਸਿੰਘ ਨੇ ਲਗਾਇਆ ਸੀ ਮੋਰਚਾ
ਕਿਹਾ : ਲਾਪਤਾ ਪਾਵਨ ਸਰੂਪਾਂ ਮਾਮਲੇ ’ਚ ਇਨਸਾਫ਼ ਮਿਲਣ ਦੀ ਹੁਣ ਆਸ ਬੱਝੀ
ਚੰਡੀਗੜ੍ਹ : ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸਭ ਤੋਂ ਪਹਿਲਾ ਮੋਰਚਾ ਜਥਾ ਸਿਰਲੱਥ ਖਾਲਸਾ ਦੇ ਬਾਬਾ ਦਿਲਬਾਗ ਸਿੰਘ ਵੱਲੋਂ ਸਾਲ 2020 ਵਿਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਡੇ ਨਾਲ ਵੱਡੀ ਗਿਣਤੀ ਵਿਚ ਸਿੱਖ ਸੰਗਤ ਸਮੇਤ ਸਤਿਕਾਰ ਕਮੇਟੀ, ਬਲਵਿੰਦਰ ਸਿੰਘ ਪਰਵਾਨਾ, ਹਰਪ੍ਰੀਤ ਸਿੰਘ ਮੱਖੂ ਅਤੇ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਬਹੁਤ ਵੱਡੀ ਗਿਣਤੀ ਵਿਚ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਸਨ ਜਿਨ੍ਹਾਂ ਦੀ ਅਗਵਾਈ ਵਿਚ ਅਸੀਂ ਮੋਰਚਾ ਸ਼ੁਰੂ ਕੀਤਾ ਗਿਆ ਸੀ। ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਅੰਗ ਨੂੰ ਵੀ ਨੁਕਸਾਨ ਪਹੁੰਚਦਾ ਹੈ ਤਾਂ ਸਿੱਖ ਸੰਗਤਾਂ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਪਰ ਇਹ ਤਾਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਹੈ। ਇਹ ਸਭ ਕੁੱਝ ਸ਼੍ਰੋਮਣੀ ਕਮੇਟੀ ਦੀਆਂ ਨਲਾਇਕੀਆਂ ਕਰਕੇ ਹੋਏ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਪਣ ਤੋਂ ਲੈ ਕੇ ਕਿਸੇ ਨੂੰ ਦੇਣ ਸਮੇਂ ਤੱਕ ਦਾ ਸਾਰਾ ਰਿਕਾਰਡ ਰੱਖਿਆ ਜਾਂਦਾ ਹੈ ਤਾਂ ਫਿਰ ਇਹ ਇੰਨੀ ਵੱਡੀ ਗਲਤੀ ਕਿਵੇਂ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਸਿੱਖ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਸਰਪੰਚ ਤੋਂ ਮਨਜ਼ੂਰੀ ਲੈਣੀ ਪੈਂਦੀ, ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਆਗੂਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮਨਜ਼ੂਰੀ ਲਈ ਜਾਂਦੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਇਕ ਟੀਮ ਜਾਂਚ ਕਰਨ ਲਈ ਆਉਂਦੀ ਹੈ ਕਿ ਜਿਹੜਾ ਵਿਅਕਤੀ ਜਾਂ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣਾ ਚਾਹੁੰਦਾ ਹੈ ਉਹ ਸਿੱਖ ਜਾਂ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਭਾਲਣ ਦੇ ਲਾਇਕ ਹੈ, ਉਹ ਕਮਰਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬਿਰਾਜਮਾਨ ਕੀਤਾ ਜਾਣਾ ਹੈ, ਉਹ ਕਮਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਬਿਰਾਜਮਾਨ ਹੋਣ ਦੇ ਲਾਇਕ ਹੈ ਜਾਂ ਨਹੀਂ। ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਫਿਰ ਕਿਤੇ ਜਾ ਕੇ ਸਿੱਖ ਨੂੰ ਜਾਂ ਕਿਸੇ ਸੰਸਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੱਤਾ ਜਾਂਦਾ ਹੈ। ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੱਤਾ ਜਾਂਦਾ ਉਸ ਸਮੇਂ ਵੀ ਸਾਰਾ ਵੇਰਵਾ ਨੋਟ ਕੀਤਾ ਜਾਂਦਾ ਅਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਕਮੇਟੀ ਦੀ ਗੱਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛੱਡਣ ਲਈ ਆਉਂਦੀ ਹੈ ਅਤੇ ਉਸ ਦਾ ਵੀ ਸਾਰਾ ਰਿਕਾਰਡ ਰੱਖਿਆ ਜਾਂਦਾ ਹੈ ਫਿਰ ਇਹ 328 ਪਾਵਨ ਸਰੂਪ ਲਾਪਤਾ ਕਿਵੇਂ ਹੋਏ।
ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਵੱਲੋਂ ਇਨ੍ਹਾਂ ਲਾਪਤਾ ਪਾਵਨ ਸਰੂਪਾਂ ਸਬੰਧੀ ਪਰਦੇ ਪਿੱਛੇ ਕਾਫ਼ੀ ਪਰਚੀਆਂ ਪਾੜੀਆਂ ਸਨ, ਜਿਸ ਦਾ ਕਾਫ਼ੀ ਰੌਲਾ ਵੀ ਪਿਆ ਸੀ। ਇਹ ਪਰਚੀਆਂ ਉਹ ਸਨ ਜਿਹੜੇ ਬਾਦਲਾਂ ਦੇ ਹੁਕਮਾਂ ’ਤੇ ਸਿੱਧੇ ਸਰੂਪ ਦਿੱਤੇ ਗਏ ਸਨ ਜਿਨ੍ਹਾਂ ਦੀ ਕੋਈ ਲਿਖਤ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਭੇਟਾ ਲਈ ਗਈ ਸੀ। ਇਸੇ ਤਰ੍ਹਾਂ ਇਨ੍ਹਾਂ ਵੱਲੋਂ 450 ਸਰੂਪ ਕੈਨੇਡਾ ਟੋਰਾਂਟੋ ਲਈ ਭੇਜੇ ਗਏ ਸਨ ਜਿਹੜੇ ਬੱਸ ’ਚ ਹੀ ਖਰਾਬ ਹੋ ਗਏ ਸਨ ਜਿਨ੍ਹਾਂ ਨੂੰ ਬਾਅਦ ਵਿਚ ਅਗਨ ਭੇਂਟ ਕਰਨਾ ਪਿਆ ਸੀ। ਜਦੋਂ ਅਸੀਂ ਮੋਰਚਾ ਲਗਾਇਆ ਸੀ ਉਸ ਸਮੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਸਿਰੇ ਫਿਰੇ ਦੱਸਿਆ ਗਿਆ ਸੀ ਅਤੇ ਉਨ੍ਹਾਂ ਨੇ ਸਾਡੇ ਮੋਰਚੇ ’ਚ ਸ਼ਾਮਲ ਆਗੂਆਂ ’ਤੇ ਰੱਜ ਕੇ ਡਾਂਗ ਫੇਰ ਕਰਨ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਸੀ। ਸਾਡੀਆਂ ਦਸਤਾਰਾਂ ਰੋਲੀਆਂ ਗਈਆਂ, ਸਾਡੇ ਕਕਾਰ ਰੋਲੇ ਗਏ, ਸਾਡੇ ਪਰਸ ਖੋਏ ਗਏ ਅਤੇ ਸਾਡੇ ਮੋਬਾਇਲ ਫੋ਼ਨ ਵੀ ਨਹੀਂ ਮਿਲੇ ਅਤੇ ਸਾਡੇ ’ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ। ਅਸੀਂ ਤਾਂ ਸਿਰਫ਼ 328 ਪਾਵਨ ਸਰੂਪਾਂ ਦੇ ਮਾਮਲੇ ’ਚ ਇਨਸਾਫ਼ ਮੰਗਣ ਲਈ ਗਏ ਸੀ।
ਸਤਿੰਦਰ ਕੋਹਲੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਹਲੀ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਦਾ ਹਿਸਾਬ ਰੱਖਦਾ ਸੀ। ਕੋਹਲੀ ਨੂੰ ਬਚਾਉਣ ਵਾਲੇ ਵੀ ਸ਼੍ਰੋਮਣੀ ਕਮੇਟੀ ਦੇ ਵਕੀਲ ਹਨ ਅਤੇ ਉਸ ਨੂੰ ਗਲਤ ਦੱਸਣ ਵਾਲੇ ਵੀ ਸ਼੍ਰੋਮਣੀ ਕਮੇਟੀ ਦੇ ਵਕੀਲ ਹੀ ਹਨ। ਬਾਬਾ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਉਹ ਕਰ ਦਿਖਾਇਆ ਹੈ ਜੋ ਸਾਡੀਆਂ ਪੰਥਕ ਸਰਕਾਰਾਂ ਵੀ ਨਹੀਂ ਕਰ ਸਕੀਆਂ। ਉਨ੍ਹਾਂ ਵੱਲੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ’ਚ ਆਰੋਪੀਆਂ ਖ਼ਿਲਾਫ਼ ਮਾਮਲੇ ਵੀ ਦਰਜ ਕੀਤੇ ਅਤੇ ਕੁੱਝ ਵਿਅਕਤੀਆਂ ਨੂੰ ਫੜ ਕੇ ਅੰਦਰ ਵੀ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ।
ਬਾਬਾ ਦਿਲਬਾਗ ਸਿੰਘ ਨੇ ਅੱਗੇ ਦੱਸਿਆ ਕਿ ਜਿਹੜੇ ਗੁਰੂਘਰ ’ਚੋਂ ਅਸੀਂ ਲੰਗਰ ਛਕਦੇ ਸੀ ਉਸ ਨੂੰ ਵੀ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਕਹਿੰਦੇ ਸਨ ਅਤੇ ਕਹਿੰਦੇ ਸਨ ਕਿ ਸਾਡਾ ਖਾ ਗਏ, ਇਹ ਲੰਗਰ ਨੂੰ ਵੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਨਹੀਂ ਮੰਨਦੇ ਉਸ ਨੂੰ ਆਪਣਾ ਹੀ ਮੰਨਦੇ ਹਨ। ਬਾਬਾ ਦਿਲਬਾਗ ਸਿੰਘ ਨੇ ਕਿਹਾ ਕਿ ਮੈਨੂੰ ਔਫਰਾਂ ਵੀ ਆਈਆਂ ਪਰ ਮੈਂ ਨਹੀਂ ਝੁਕਿਆ। ਮੈਨੂੰ ਸੁਖਬੀਰ ਸਿੰਘ ਬਾਦਲ ਦਾ ਖੁਦ ਫ਼ੋਨ ਆਇਆ ਸੀ ਅਤੇ ਮੈਨੂੰ ਆਖਿਆ ਗਿਆ ਸੀ ਕਿ ਹੋਟਲ ਵਿਚ ਆ ਜਾ ਬੈਠ ਕੇ ਗੱਲ ਕਰਦੇ ਹਾਂ ਪਰ ਮੈਂ ਨਹੀਂ ਗਿਆ ਅਤੇ ਨਾ ਹੀ ਮੈਂ ਵਿਕਿਆ। ਮੇਰੀ ਸਿਰਫ ਇਹੋ ਮੰਗ ਹੈ ਕਿ 328 ਪਾਵਨ ਸਰੂਪਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਗਏ ਕਿੱਥੇ। ਡੇਰਾ ਸਿਰਸਾ ਵਾਲੇ ਨੂੰ ਮੁਆਫ਼ੀ ਦੇਣ ਵਾਲਿਆਂ ਨੂੰ ਤਾਂ ਭਾਂਡੇ ਮਾਂਜਣ ਦੀ ਸੇਵਾ ਲਗਾਈ ਜਦੋਂ ਗੱਲ ਬਾਦਲ ਪਰਿਵਾਰ ਦੀ ਆਈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਖੁਦ ਨੂੰ ਦੋਸ਼ੀ ਮੰਨ ਲੈਂਦੇ ਹਨ ਪਰ ਬਾਅਦ ’ਚ ਉਨ੍ਹਾਂ ਕਿਹਾ ਕਿ ਮੈਨੂੰ ਨੂੰ ਐਵੇਂ ਹੀ ਦੋਸ਼ੀ ਠਹਿਰਾਇਆ ਗਿਆ ਅਤੇ ਮੇਰਾ 328 ਲਾਪਤਾ ਪਾਵਨ ਸਰੂਪਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਦਖਲ ਤੋਂ ਬਾਅਦ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ’ਚ 16 ਵਿਅਕਤੀਆਂ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ ਜਦਿਕ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਬਾ ਦਿਲਬਾਗ ਸਿੰਘ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਲਾਪਤਾ ਸਰੂਪਾਂ ਦੇ ਮਾਮਲੇ ’ਚ ਇਨਸਾਫ਼ ਮਿਲਣ ਦੀ ਆਸ ਹੈ ਅਤੇ ਮੇਰੇ ਮਨ ਨੂੰ ਸਕੂਨ ਮਿਲਿਆ ਹੈ।