ਨਾਬਾਲਗ ਨਾਲ ਜਿਣਸੀ ਦੇ ਮਾਮਲੇ ’ਚ ਗਿਰੀਸ਼ ਅਗਰਵਾਲ ਤੇ ਹਨੀ ਨੂੰ 20-20 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ ਮੁਲਜ਼ਮਾਂ ਨੂੰ 52-52 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ

Girish Agarwal and Honey sentenced to 20 years each in minor sex case

ਜਲੰਧਰ : ਜਲੰਧਰ ਅਧੀਨ ਆਉਂਦੇ ਸੋਢਲ ਰੋਡ ਸਿਲਵਰ ਪਲਾਜ਼ਾ ਮਾਰਕੀਟ ਵਿੱਚ ਸਥਿਤ ਹੋਟਲ 'ਦ ਡੇਜ਼ ਇਨ' ਵਿੱਚ 16 ਸਾਲ ਦੇ ਨਾਬਾਲਗ ਨਾਲ 31 ਦਸੰਬਰ 2022 ਦੀ ਰਾਤ ਨੂੰ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਵਿੱਚ ਸੁਣਵਾਈ ਹੋਈ । ਅਦਾਲਤ ਨੇ ਸਰੀਰਕ ਸੋਸ਼ਣ ਦੇ ਆਰੋਪੀ ਹੈਮਰ ਫਿਟਨੈੱਸ ਜਿਮ ਦੇ ਮਾਲਕ ਗਿਰੀਸ਼ ਅਗਰਵਾਲ ਵਾਸੀ ਕਰਤਾਰਪੁਰ ਅਤੇ ਘਟਨਾ ਦੀ ਵੀਡੀਓ ਬਣਾਉਣ ਵਾਲੇ ਜਿਮ ਟ੍ਰੇਨਰ ਹਨੀ ਵਾਸੀ ਬੋਹੜ ਵਾਲੀ ਗਲੀ ਆਰੀਆ ਨਗਰ (ਕਰਤਾਰਪੁਰ) ਨੂੰ 20-20 ਸਾਲ ਦੀ ਕੈਦ ਅਤੇ 52-52 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਮੁਲਜ਼ਮਾਂ ਨੂੰ ਇੱਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ। ਜਦਕਿ ਇਸ ਮਾਮਲੇ ’ਚ ਵਿੱਚ ਯੋਗੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ 20 ਜੂਨ 2023 ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਨਾਬਾਲਗ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ’ਤੇ ਪਈ ਸੀ । ਜਿਸ ਤੋਂ ਬਾਅਦ ਥਾਣਾ-8 ਵਿੱਚ ਆਈ.ਪੀ.ਸੀ. ਦੀ ਧਾਰਾ 377, 506, 120ਬੀ ਅਤੇ ਪੋਕਸੋ ਐਕਟ ਦੀ ਧਾਰਾ 5(ਜੀ), 6, 17 ਅਤੇ ਆਈ.ਟੀ. ਐਕਟ ਦੀ ਧਾਰਾ 67(ਬੀ) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਹੋਟਲ 'ਦ ਡੇਜ਼ ਇਨ' ਵਿੱਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਅਤੇ ਪੀੜਤ ਕਿਸ਼ੋਰ 31 ਦਸੰਬਰ ਦੀ ਰਾਤ ਨੂੰ ਉਸ ਹੋਟਲ ਵਿੱਚ ਰੁਕੇ ਸਨ। ਪੁਲਿਸ ਨੇ ਕੇਸ ਵਿੱਚ 3 ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਯੋਗੇਸ਼ ਨੂੰ ਜ਼ਮਾਨਤ ਮਿਲ ਗਈ ਸੀ, ਪਰ ਗਿਰੀਸ਼ ਅਤੇ ਹਨੀ ਉਦੋਂ ਤੋਂ ਜੇਲ੍ਹ ਵਿੱਚ ਹਨ।