ਮਹਾਂਗਠਜੋੜ ਮੀਟਿੰਗ 'ਚ ਵਿਰੋਧੀ ਪਾਰਟੀਆਂ ਵਲੋਂ ਵੱਖ-ਵੱਖ ਹਲਕਿਆਂ ਤੋਂ ਚੋਣ ਲੜਨ ਬਾਰੇ ਫ਼ੈਸਲਾ: ਸੇਖਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਰਾਰੀ ਟੱਕਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ.......

Sewa Singh Sekhwan

ਗੁਰਦਾਸਪੁਰ : ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਰਾਰੀ ਟੱਕਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪਹਿਲਕਦਮੀ 'ਤੇ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਤੱਕ ਪਹੁੰਚ ਕਰਕੇ ਪੰਜਾਬ ਅੰਦਰ ਮਹਾਂ ਗਠਜੋੜ ਦੀ ਉਸਾਰੀ ਵਾਸਤੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸ ਸਬੰਧੀ ਜ਼ਿਲ੍ਹੇ ਨਾਲ ਸਬੰਧਤ ਟਕਸਾਲੀ ਅਕਾਲੀ ਦਲ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਦਸਿਆ ਪੰਜਾਬ ਅੰਦਰ ਮਹਾਂਗਠਜੋੜ ਦੀ ਉਸਾਰੀ ਸਬੰਧੀ ਅਜੇ ਕਲ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਹੈ।

ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੀ ਤਰਫੋਂ ਬੈਂਸ ਭਰਾ, ਪੰਜਾਬ ਏਕਤਾ ਫ਼ਰੰਟ ਦੇ ਮੁਖੀ ਤੇ ਲੋਕ ਸਭਾ ਦੇ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ਆਦਿ ਸ਼ਾਮਲ ਹੋਏ ਹਨ। ਮੀਟਿੰਗ ਬਹੁਤ ਹੀ ਸਾਜ਼ਗਰ ਅਤੇ ਖੁਸ਼ਗਵਾਰ ਮਾਹੋਲ ਵਿਚ ਹੋਈ ਅਤੇ ਸਾਰੀਆਂ ਪਾਰਟੀਆਂ ਦੇ ਆਗੂ ਬੜੀ ਸ਼ਿੱਦਤ ਨਾਲ ਮਹਾਗਠਜੋੜ ਦੀ ਜ਼ਰੂਰਤ ਤੇ ਅਹਿਮੀਅਤ ਨੂੰ ਮਹਿਸੂਸ ਕਰ ਕੇ ਇਸ ਗਠਜੋੜ ਨੂੰ ਭਰਪੂਰ ਸਫ਼ਲਤਾ ਸਹਿਤ ਸਿਰੇ ਚਾੜ੍ਹਨ

ਲਈ ਯਤਨਸ਼ੀਲ ਹਨ। ਜਾਣਕਾਰੀ ਅਨੁਸਾਰ ਟਕਸਾਲੀ ਅਕਾਲੀ ਦਲ ਸ੍ਰੀ ਖਡੂਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸੰਗਰੂਰ ਲੋਕ ਸਭਾ ਹਲਕਿਆਂ ਤੌ ਚੋਣ ਲੜੇਗਾ, ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਬਠਿੰਡਾ ਤੇ ਫਰੀਦਕੋਟ, ਪੰਜਾਬ ਏਕਤਾ ਫੋਰਮ ਪਟਿਆਲਾ, ਲੋਕ ਇਨਸਾਫ ਪਾਰਟੀ ਲੁਧਿਆਣਾ ਤੇ ਫਤਿਹਗੜ ਸਹਿਬ ਤੋਂ ਚੋਣ ਲੜੇਗੀ। ਬਸਪਾ ਵਲੋਂ ਜਲੰਧਰ ਤੇ ਹੁਸ਼ਿਆਰਪੁਰ ਹਲਕਿਆਂ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ। ਇਨ੍ਹਾਂ ਸੀਟਾਂ 'ਤੇ ਤਕਰੀਬਨ ਸਾਰੀਆਂ ਉਕਤ ਪਾਰਟੀਆਂ ਦਰਮਿਆਨ ਸਾਂਝੀ ਰਾਏ ਬਣ ਗਈ ਹੈ। ਟਕਸਾਲੀ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਇਹ ਵੀ ਇੰਕਸ਼ਾਫ ਕੀਤਾ

ਕਿ ਜੇਕਰ ਖਹਿਰਾ ਤੇ ਆਪ ਮਹਾਗਠਜੋੜ ਵਿਚ ਏਕਤਾ ਲਈ ਰੁਕਾਵਟ ਬਣਦੇ ਨਜ਼ਰ ਆਏ ਤਾਂ ਮਹਾਗਠਜੋੜ 'ਆਪ' ਨਾਲ ਸਿਰਫ਼ ਸੀਟ ਗਠਜੋੜ ਕਰੇਗਾ ਕਿਉਂਕਿ ਜਿਹੜੇ ਹਲਕਿਆਂ ਤੋਂ ਆਮ ਆਦਮੀ ਪਾਰਟੀ ਅਪਣੇ ਉਮੀਦਵਾਰ ਖੜੇ ਨਹੀਂ ਕਰੇਗਾ, ਉਨ੍ਹਾਂ ਹਲਕਿਆਂ ਤੋਂ ਮਹਾਂਗਠਜੋੜ ਅਪਣੇ ਉਮੀਦਵਾਰ ਖੜੇ ਨਹੀਂ ਕਰੇਗਾ। ਜਥੇਦਾਰ ਸੇਖਵਾਂ ਨੇ ਹੋਰ ਦਸਿਆ ਕਿ ਦੋ ਦਿਨ ਬਾਅਦ ਫਿਰ ਮਹਾਂਗਠਜੋੜ ਦੀ ਮੀਟਿੰਗ ਹੋਣ ਜਾ ਰਹੀ ਹੈ।  ਅਗਲੀ ਮੀਟਿੰਗ ਦੌਰਾਨ ਮਹਾਂਗਠਜੋੜ ਦੇ ਬੁਨਿਆਦੀ ਅਸੂਲਾਂ ਤੇ ਸਿਧਾਂਤਾਂ ਬਾਰੇ ਅੰਤਮ ਫ਼ੈਸਲਾ ਤੇ ਚੋਣ ਮੈਨੀਫੈਸਟੋ ਬਾਰੇ ਗੰਭੀਰ ਵਿਚਾਰਾਂ ਹੋ ਸਕਦੀਆਂ ਹਨ।