ਪੰਜਾਬ ਨੂੰ ਸੁਰੱਖਿਅਤ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੇਰੀ ਤਰਜੀਹ : ਦਿਨਕਰ ਗੁਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਪੁਲਿਸ ਦੇ ਮੁਖੀ ਵਜੋਂ ਅਹੁਦਾ ਸੰਭਾਲਿਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਨਾਗਰਿਕਾਂ ਨੂੰ ਜ਼ਿੰਮੇਵਾਰ.......

DGP Dinkar Gupta

ਚੰਡੀਗੜ੍ਹ•  (ਨੀਲ ਬੀ ਸਿੰਘ) : ਸੂਬਾ ਪੁਲਿਸ ਦੇ ਮੁਖੀ ਵਜੋਂ ਅਹੁਦਾ ਸੰਭਾਲਿਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਨਾਗਰਿਕਾਂ ਨੂੰ ਜ਼ਿੰਮੇਵਾਰ, ਜਵਾਬਦੇਹ ਅਤੇ ਸੁਰੱਖਿਅਤ ਵਾਤਾਵਰਣ ਮੁਹਈਆ ਕਰਵਾਉਣਾ ਉਨ੍ਹਾਂ ਦੀ ਸੱਭ ਤੋਂ ਵੱਡੀ ਤਰਜੀਹ ਹੋਵੇਗੀ ਅਤੇ ਖ਼ਾਸ ਤੌਰ 'ਤੇ ਸਰਹੱਦੀ ਰਾਜ ਹੁੰਦਿਆਂ ਪੰਜਾਬ ਵਿਚ ਦਹਿਸ਼ਤ ਵਿਰੋਧੀ ਕਾਰਵਾਈਆਂ ਉਪਰ ਠੱਲ੍ਹ ਪਾਉਣ 'ਤੇ ਵੀ ਉਹ ਵੱਧ ਧਿਆਨ ਕੇਂਦਰਿਤ ਕਰਨਗੇ। ਡੀਜੀਪੀ ਸੁਰੇਸ਼ ਅਰੋੜਾ ਦੀ ਥਾਂ ਡੀਜੀਪੀ ਪੰਜਾਬ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਥੇ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਦਿਨਕਰ ਗੁਪਤਾ ਨੇ ਕਿਹਾ ਕਿ ਉਹ ਡੀ.ਜੀ.ਪੀ. ਅਰੋੜਾ ਦੁਆਰਾ ਕੀਤੇ ਗਏ ਕੰਮਾਂ ਅਤੇ ਮੁੱਖ ਮੰਤਰੀ ਪੰਜਾਬ

ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲਈ ਦੂਰ-ਦ੍ਰਿਸ਼ਤਾ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ ਜਿਸ ਵਿਚ ਨਸ਼ਿਆਂ ਦੀ ਰੋਕਥਾਮ ਅਤੇ ਰਾਜ ਨੂੰ ਗੈਂਗਸਟਰਾਂ ਤੋਂ ਮੁਕਤ ਕਰਨਾ ਸ਼ਾਮਲ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਅਪਣੀ ਪਹਿਲੀ ਮੁਲਾਕਾਤ ਦੌਰਾਨ ਨਸ਼ਾਖੋਰੀ ਨੂੰ ਜ਼ਰਾ ਵੀ ਬਰਦਾਸ਼ਤ ਨਾ ਕਰਨ ਦਾ ਐਲਾਨ ਕਰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਉਹ ਡੀ.ਏ.ਪੀ.ਓ. ਅਤੇ ਬੱਡੀ ਪ੍ਰੋਗਰਾਮ ਨੂੰ ਇਨ-ਬਿਨ ਲਾਗੂ ਕਰਨਾ ਯਕੀਨੀ ਬਣਾਉਣਗੇ। ਪੁਲਿਸ ਫ਼ੋਰਸ ਵਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇਸ਼ ਭਰ ਵਿਚ ਬਹਾਦਰ ਪੁਲਿਸ ਵਜੋਂ ਜਾਣੀ ਜਾਂਦੀ ਹੈ

ਅਤੇ ਉਹ ਅਜਿਹੀ ਬਹਾਦਰ ਪੁਲਿਸ ਫ਼ੋਰਸ ਦੇ ਮੁਖੀ ਹੋਣ 'ਤੇ ਮਾਣ ਮਹਿਸੂਸ ਕਰਦੇ ਹਨ। ਸੁਰੇਸ਼ ਅਰੋੜਾ ਦੁਆਰਾ ਕੀਤੇ ਸ਼ਲਾਘਾਯੋਗ ਕੰਮਾਂ ਨੂੰ ਯਾਦ ਕਰਦੇ ਹੋਏ ਦਿਨਕਰ ਗੁਪਤਾ ਨੇ ਅਰੋੜਾ ਨੂੰ ਪੰਜਾਬ ਪੁਲਿਸ ਦਾ ਸੱਭ ਤੋਂ ਵਧੀਆ ਅਫਸਰ ਦਸਦਿਆਂ ਕਿਹਾ ਕਿ ਉਹ ਬਹੁ ਨਰਮ ਅਤੇ ਨਿਮਰ ਸੁਭਾਅ ਦੇ ਹਨ ਅਤੇ ਬਹੁਤ ਬਾਰੀਕੀ ਨਾਲ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੇਸ ਅਰੋੜਾ ਵਿਚ ਬੇਮਿਸਾਲ ਗੁਣ ਹਨ ਅਤੇ ਉਨਾਂ ਪੂਰੀ ਨਿਸ਼ਟਾ ਨਾਲ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਅਰੋੜਾ ਨੇ ਹਮੇਸ਼ਾ ਪੁਲਿਸ ਮੁਲਾਜ਼ਮਾਂ ਨਾਲ ਨੇੜਲਾ ਸੰਪਰਕ ਰਖਿਆ ਅਤੇ ਸੰਪਰਕ ਸਭਾਵਾਂ ਰਾਹੀਂ ਨਿੱਜੀ ਸੁਣਵਾਈ ਵੀ ਕੀਤੀ।

ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਅਰੋੜਾ ਦੇ ਕਾਰਜਕਾਲ ਦੌਰਾਨ, ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧਕ ਗੈਂਗਾਂ ਨੂੰ ਨਕਾਰਾ ਕੀਤਾ ਅਤੇ 255 ਗੈਂਗ ਦੇ ਮੈਂਬਰਾਂ ਦੀ ਗ੍ਰਿਫਤਾਰੀ ਦੇ ਨਾਲ-ਨਾਲ 51 ਗੈਂਗਸਟਰਾਂ ਨੂੰ ਖ਼ਤਮ ਕੀਤਾ। ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਅਰੋੜਾ ਦੇ ਕਾਰਜਕਾਲ ਦੌਰਾਨ, ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧਕ ਗੈਂਗਾਂ ਨੂੰ ਨਕਾਰਾ ਕੀਤਾ ਅਤੇ 255 ਗੈਂਗ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ 51 ਗੈਂਗਸਟਰਾਂ ਨੂੰ ਖਤਮ ਕੀਤਾ। ਡੀਜੀਪੀ ਗੁਪਤਾ ਨੇ ਦਸਿਆ ਕਿ ਡੀ.ਜੀ.ਪੀ. ਅਰੋੜਾ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਨੇ 24 ਅਤਿਵਾਦੀ ਗਰੁੱਪਾਂ ਨੂੰ ਬੇਨਕਾਬ ਕਰ ਕੇ 115 ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਅਤੇ 6 ਏ.ਕੇ. 47/ ਏਕੇ 56/ਏਕੇ-74 ਰਾਈਫਲਾਂ, 4 ਹੋਰ ਰਾਈਫਲਾਂ ਅਤੇ 65 ਰਿਵਾਲਵਰ/ਪਿਸਤੌਲ ਬਰਾਮਦ ਕੀਤੇ ਗਏ। ਇਸ ਮੌਕੇ 'ਤੇ ਬੋਲਦੇ ਹੋਏ ਸੁਰੇਸ਼ ਅਰੋੜਾ ਨੇ ਕਿਹਾ ਕਿ ਸ਼ਿਕਾਇਤਾਂ ਸੁਣਨ ਨਾਲ ਪੀੜਤਾਂ ਦੀ ਚਿੰਤਾ ਘਟਦੀ ਹੈ ਅਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਾਇਗੀ ਸਮਾਰੋਹ ਦੌਰਾਨ ਪੁਲਿਸ ਦੀ ਟੁਕੜੀ ਨੇ ਡੀਜੀਪੀ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਢਿਲੋਂ, ਐਮ.ਕੇ. ਤਿਵਾੜੀ, ਵੀ.ਕੇ.ਭਾਵੜਾ (ਸਾਰੇ ਡੀਜੀਪੀ) ਅਤੇ ਹੋਰ ਪੁਲਿਸ ਹੈੱਡਕੁਆਰਟਰਾਂ ਵਿਖੇ ਤਾਇਨਾਤ ਸੀਨੀਅਰ ਅਫ਼ਸਰ ਵੀ ਹਾਜ਼ਰ ਸਨ।