ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਸ਼ਰਾਰਤੀ ਅਨਸਰ ਨੇ ਬੇਅਦਬੀ ਕਰਨ ਦੀ ਕੀਤੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਸ਼ਰਾਰਤੀ ਅਨਸਰ ਵਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ......

CCTV Footage

ਫ਼ਤਿਹਗੜ੍ਹ ਸਾਹਿਬ : ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਸ਼ਰਾਰਤੀ ਅਨਸਰ ਵਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ, ਇਹ ਸ਼ਰਾਰਤੀ ਅਨਸਰ ਗੋਲਕ ਟੱਪ ਕੇ ਦਰਬਾਰ ਸਾਹਿਬ ਵਿਚ ਦਾਖ਼ਲ ਹੋ ਗਿਆ ਜਿਸ ਨੂੰ ਸੇਵਾਦਾਰਾਂ ਤੇ ਸੰਗਤਾਂ ਨੇ ਮੌਕੇ ਤੇ ਦਬੋਚ ਲਿਆ। ਇਹ ਸਾਰੀ ਘਟਨਾ ਗੁਰਦਵਾਰਾ ਸਾਹਿਬ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ। ਇਹ ਸ਼ਰਾਰਤੀ ਅਨਸਰ ਛਾਲਾਂ ਮਾਰ-ਮਾਰ ਕੇ ਹਰ-ਹਰ ਮਹਾਂਦੇਵ ਦੇ ਨਾਹਰੇ ਲਗਾਉਂਦਾ ਇਕਦਮ ਭੱਜ ਕੇ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਹੋ ਕੇ ਗੋਲਕ ਤੋਂ ਉਲਟੀ ਛਾਲ ਮਾਰ ਕੇ ਮੇਨ ਦਰਬਾਰ ਸਾਹਿਬ ਵਿਚ ਪਹੁੰਚ ਗਿਆ,

ਜਿਥੇ ਗੁਰਦੁਆਰਾ ਸਾਹਿਬ ਦੇ ਡਿਊਟੀ 'ਤੇ ਤਾਈਨਾਤ ਸੇਵਾਦਾਰਾਂ ਵਲੋਂ ਕਾਬੂ ਕਰ ਲਿਆ ਗਿਆ। ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸੇਵਾਦਾਰ ਤੇ ਸੰਗਤ ਇਸ ਸ਼ਰਾਰਤੀ ਅਨਸਰ ਨੂੰ ਮੌਕੇ 'ਤੇ ਕਾਬੂ ਨਾ ਕਰਦੇ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਉਹ ਦਰਬਾਰ ਸਾਹਿਬ ਵਿਚ ਪਏ ਸ਼ਸਤਰ ਚੁਕ ਕੇ ਵੀ ਕਿਸੇ ਨੂੰ ਮਾਰ ਸਕਦਾ ਸੀ। ਉਨ੍ਹਾਂ ਦਸਿਆ ਕਿ ਇਸ ਅਨਸਰ ਨੇ ਚਰਨਕੁੰਡ ਕੋਲ ਖੜ ਕੇ ਹਰ-ਹਰ ਮਹਾਂਦੇਵ ਅਤੇ ਭਾਰਤ ਮਾਤਾ ਕੀ ਜੈ ਦੇ ਨਾਹਰੇ ਵੀ ਉਚੀ ਉਚੀ ਲਗਾਏ।

ਉਨ੍ਹਾਂ ਕਿਹਾ ਕਿ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਕੇਵਲ ਗੁਰਦੁਆਰਾ ਸਾਹਿਬਾਨ ਵਿਚ ਹੀ ਕਿਉਂ ਵਾਪਰਦੀਆਂ ਹਨ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਦੂਸਰੇ ਰਾਜਾਂ ਬਿਹਾਰ ਆਦਿ ਤੋਂ ਆਉਣ ਵਾਲਿਆਂ ਦੀ ਪਹਿਚਾਣ ਰੱਖਣ ਲਈ ਸਿਸਟਮ ਤਿਆਰ ਕੀਤਾ ਜਾਣਾ ਚਾਹੀਦਾ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਸ ਅਨਸਰ ਦੀ ਪਹਿਚਾਣ ਰਾਮ ਸਮੂਝ ਨਿਵਾਸੀ ਜ਼ਿਲ੍ਹਾ ਕਪਤਾਨਗੰਜ ਉਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਪਿੰਡ ਤਲਾਣੀਆਂ ਵਿਖੇ ਕਿਰਾਏ 'ਤੇ ਰਹਿੰਦਾ ਹੈ। 

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਗੁਰਦਵਾਰਾ ਸਾਹਿਬ ਵਿਚ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਕਿਉਂਕਿ ਗੁਰਦੁਆਰਾ ਸਾਹਿਬ ਵਿਚ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਦਕਿ ਮੰਦਿਰਾਂ, ਮਸਜਿਦਾਂ ਵਿਚ ਤਾਂ ਅਜਿਹਾ ਨਹੀਂ ਹੁੰਦਾ। ਇਸ ਸਬੰਧੀ ਜਾਂਚ ਅਧਿਕਾਰੀ ਏ.ਐਸ.ਆਈ ਅਵਤਾਰ ਸਿੰਘ ਨੇ ਦਸਿਆ ਕਿ ਇਸ ਅਨਸਰ ਵਿਰੁਧ ਐਫ਼.ਆਈ.ਆਰ. ਨੰਬਰ 17, ਅੰਡਰ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅੱਗੇ ਤਫ਼ਤੀਸ਼ ਜਾਰੀ ਹੈ।