ਐਸ.ਆਈ.ਟੀ. ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਨ 1984 ਵਿਚ ਉਤਰ ਪ੍ਰਦੇਸ਼ ਦੇ ਕਾਨ੍ਹਪੁਰ ਵਿਖੇ ਕੀਤੇ ਗਏ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਯੂ.ਪੀ. ਸਰਕਾਰ ਵੱਲੋਂ ਚਾਰ ਮੈਂਬਰੀਂ ਵਿਸ਼ੇਸ਼ ਜਾਂਚ ਟੀਮ ਗਠਿਤ......

Gobind Singh Longowal

ਅੰਮ੍ਰਿਤਸਰ : ਸੰਨ 1984 ਵਿਚ ਉਤਰ ਪ੍ਰਦੇਸ਼ ਦੇ ਕਾਨ੍ਹਪੁਰ ਵਿਖੇ ਕੀਤੇ ਗਏ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਯੂ.ਪੀ. ਸਰਕਾਰ ਵੱਲੋਂ ਚਾਰ ਮੈਂਬਰੀਂ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ 1984 ਵਿਚ ਦਿੱਲੀ ਤੇ ਕਾਨ੍ਹਪੁਰ ਸਮੇਤ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਨੂੰ ਸ਼ਰੇਆਮ ਅਤੇ ਬੇਰਹਿਮੀ ਨਾਲ ਮਾਰ ਮੁਕਾਇਆ ਗਿਆ। ਦੁਖ ਦੀ ਗੱਲ ਇਹ ਹੈ ਕਿ 34 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਪੀੜਤਾਂ ਨੂੰ ਮੁਕੰਮਲ ਤੌਰ 'ਤੇ ਇਨਸਾਫ਼ ਨਹੀਂ ਮਿਲ ਸਕਿਆ। 

ਇਸ ਸਮੇਂ ਦੌਰਾਨ ਕਈ ਮਾਮਲੇ ਬੰਦ ਕਰ ਦਿੱਤੇ ਗਏ ਅਤੇ ਕਈ ਦੋਸ਼ੀਆਂ ਨੂੰ ਰਾਜਸੀ ਸਰਪ੍ਰਸਤੀ ਹੋਣ ਕਰਕੇ ਉਹ ਅਜੇ ਤੱਕ ਬਚਦੇ ਰਹੇ ਹਨ। ਇਸ ਦੌਰਾਨ ਕਈ ਪੀੜਤ ਪਰਿਵਾਰਾਂ ਦੇ ਮੈਂਬਰ ਇਨਸਾਫ਼ ਨੂੰ ਤਰਸਦੇ ਇਸ ਸੰਸਾਰ ਤੋਂ ਕੂਚ ਕਰ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਨ੍ਹਪੁਰ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯੂ.ਪੀ. ਸਰਕਾਰ ਵਲੋਂ ਗਠਿਤ ਕੀਤੀ ਐਸ.ਆਈ.ਟੀ. ਨਾਲ ਪੀੜਤਾਂ ਨੂੰ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ। ਉਨ੍ਹਾਂ ਆਖਿਆ ਕਿ 1984 ਦਾ ਸਿੱਖ ਕਤਲੇਆਮ ਅਣਮਨੁੱਖੀ ਕਰੂਰ ਕਾਰੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।