ਦਿੱਲੀ ਧਰਨੇ ’ਤੇ ਬੈਠੇ ਪਿਉ ਨੂੰ ਦਸੇ ਬਿਨਾਂ ਹੀ ਕੀਤਾ ਅੰਤਮ ਸਸਕਾਰ
ਕੋਟਕਪੂਰਾ, 7 ਫ਼ਰਵਰੀ (ਗੁਰਿੰਦਰ ਸਿੰਘ): ਕਿਸਾਨ ਅੰਦੋਲਨ ਨਾਲ ਐਨੀਆਂ ਕੁ ਕੌੜੀਆਂ ਤੇ ਕੁਸੈਲੀਆਂ ਘਟਨਾਵਾਂ ਜੁੜਦੀਆਂ ਜਾ ਰਹੀਆਂ ਹਨ, ਜਿੰਨਾ ਦੀ ਯਾਦ ਸਦੀਵÄ ਬਣੀ ਰਹੇਗੀ। ਕਦੇ ਪੁੱਤਰ ਦੇ ਦੇਸ਼ ਦੀ ਸਰਹੱਦ ’ਤੇ ਸ਼ਹੀਦ ਹੋਣ ਤੇ ਕਦੇ ਦਿੱਲੀ ਦੇ ਬਾਰਡਰ ’ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨ ਦੀ ਸ਼ਹੀਦੀ ਦਾ ਫ਼ੌਜੀ ਪੁੱਤ ਨੂੰ ਨਾ ਦਸਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਤੇ ਅੱਜ ਇਕ ਐਨੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਕਿ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਵਿਖੇ ਘਰ ਵਿਚ ਬਿਜਲੀ ਦੀਆਂ ਤਾਰਾਂ ਠੀਕ ਕਰ ਰਹੇ 32 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਪਰ ਪਰਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਜਸਪਾਲ ਸਿੰਘ ਦੇ ਅੰਤਮ ਸਸਕਾਰ ਤਾਂ ਕਰ ਦਿਤਾ ਪਰ ਇਸ ਬਾਰੇ ਉਸ ਦੇ ਦਿੱਲੀ ਧਰਨੇ ’ਤੇ ਬੈਠੇ ਪਿਤਾ ਬਲਦੇਵ ਸਿੰਘ ਕੋਲੋਂ ਪਰਦਾ ਰੱਖਣ ਦੀ ਮਜਬੂਰੀ ਬਣ ਗਈ।
ਕਹਿੰਦੇ ਹੁੰਦੇ ਆ ਕਿ ਲਿਖੀਆਂ ਨੂੰ ਕੋਈ ਨਹੀਂ ਟਾਲ ਸਕਦਾ ਪਰ ਦਿੱਲੀ ਧਰਨੇ ’ਤੇ ਬੈਠੇ ਜਸਪਾਲ ਸਿੰਘ ਦੇ ਪਿਉ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਉਸ ਦੇ ਪਿੱਛੋਂ ਉਸ ਦੇ ਘਰ ਉਪਰ ਦੁੱਖਾਂ ਦਾ ਐਨਾ ਕਹਿਰ ਟੁੱਟ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੰਟ ਲੱਗਣ ਨਾਲ ਬੇਹੋਸ਼ ਹੋਏ ਜਸਪਾਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦੇ ਦਿਤਾ।
ਜਸਪਾਲ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ’ਚ ਮਾਤਮ ਦਾ ਮਾਹੌਲ ਛਾ ਗਿਆ, ਕਿਸੇ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਐਨਾ ਵੱਡਾ ਭਾਣਾ ਕਿਵੇਂ ਵਾਪਰ ਗਿਆ। ਜਸਪਾਲ ਦਾ ਪਿਤਾ ਬਲਦੇਵ ਸਿੰਘ ਸਰਕਾਰਾਂ ਕੋਲੋਂ ਅਪਣੇ ਹੱਕ ਲੈਣ ਲਈ ਪਿੰਡ ਦੇ ਕਿਸਾਨਾਂ ਨਾਲ ਦਿੱਲੀ ਧਰਨੇ ਉੱਪਰ ਬੈਠਾ ਸੀ ਤੇ ਘਰ ਦੇ ਵਿਹੜੇ ’ਚ 32 ਵਰਿ੍ਹਆਂ ਦੇ ਗੱਭਰੂ ਪੁੱਤ ਦੀ ਲਾਸ਼ ਪਈ ਦੇਖ ਮਾਂ ਪੱਥਰ ਦਿਲ ਬਣ ਗਈ ਸੀ। ਮਿ੍ਰਤਕ ਦੀ ਮਹਿਜ 1 ਸਾਲ ਕੁ ਪਹਿਲਾਂ ਵਿਆਹੀ ਗਰਭਵਤੀ ਪਤਨੀ ਅਤੇ ਛੋਟੇ ਭਰਾ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-7-2ਬੀ