ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਹੋਵੇ ਖ਼ਾਰਜ : ਸੁਖਰਾਜ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਹੋਵੇ ਖ਼ਾਰਜ : ਸੁਖਰਾਜ ਸਿੰਘ

image


ਕਿਹਾ, ਕੁੰਵਰ ਵਿਜੈ ਪ੍ਰਤਾਪ ਹੀ ਕਰ ਸਕਦੇ ਹਨ ਦੋਸ਼ੀਆਂ ਦਾ ਪਰਦਾਫ਼ਾਸ਼

ਕੋਟਕਪੂਰਾ, 7 ਫ਼ਰਵਰੀ (ਗੁਰਿੰਦਰ ਸਿੰਘ): ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਨਾਮਜ਼ਦ ਕੀਤੇ ਗਏ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈ.ਜੀ. ਪਰਮਰਾਜ ਉਮਰਾਨੰਗਲ ਵਲੋਂ ਅਗਾਉਂ ਜ਼ਮਾਨਤ ਦੀ ਲਾਈ ਅਰਜ਼ੀ ਦਾ ਵਿਰੋਧ ਕਰਦਿਆਂ ਪੀੜਤ ਪਰਵਾਰਾਂ ਨੇ ਮੰਗ ਕੀਤੀ ਹੈ ਕਿ ਉਕਤਾਨ ਦੀ ਜ਼ਮਾਨਤ ਅਰਜ਼ੀ ਰੱਦ ਹੋਣੀ ਚਾਹੀਦੀ ਹੈ | ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਅਤੇ ਬੇਅਦਬੀ ਮਾਮਲਿਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੋਸ਼ ਲਾਇਆ ਕਿ ਐਸਆਈਟੀ ਦੇ ਮੁਖੀ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ  ਬਦਲਣ ਦੀਆਂ ਸਾਜਿਸ਼ਾਂ ਚੱਲ ਰਹੀਆਂ ਹਨ, ਦੋਸ਼ੀ ਵਿਅਕਤੀਆਂ ਨੂੰ  ਜ਼ਮਾਨਤਾਂ ਦੇਣ ਦੀ ਤਿਆਰੀ ਅਫ਼ਸੋਸਨਾਕ ਅਤੇ ਸਰਾਸਰ ਗ਼ਲਤ ਹੈ | 
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ  ਤੜਕਸਾਰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆਂ ਅਤਿਆਚਾਰ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ ਅਨੇਕਾਂ ਸਿੱਖ ਸੰਗਤਾਂ ਪੁਲਿਸ ਤਸ਼ੱਦਦ ਕਾਰਨ ਜ਼ਖ਼ਮੀ ਹੋ ਗਈਆਂ ਸਨ | ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ  ਬਚਾਉਣ ਵਿਚ ਲੱਗੀ ਹੋਈ ਹੈ | ਐਡਵੋਕੇਟ ਖਾਰਾ ਅਤੇ ਸੁਖਰਾਜ ਸਿੰਘ ਮੁਤਾਬਕ ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਗੋਲੀਕਾਂਡ ਦੀਆਂ ਘਟਨਾਵਾਂ ਵਿਚ ਕਾਬੂ ਕੀਤੇ ਗਏ ਮੁਲਜ਼ਮਾਂ ਵਿਰੁਧ ਐਸਆਈਟੀ ਵਲੋਂ ਅਦਾਲਤ ਵਿਚ 6 ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ, ਜਿੰਨਾਂ ਦੇ ਅੱਜ ਤਕ ਅਦਾਲਤ ਵਲੋਂ ਟਰਾਇਲ ਹੀ ਸ਼ੁਰੂ ਨਹੀਂ ਕੀਤੇ ਗਏ | ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿੰਨਾਂ ਮੁਲਜ਼ਮਾਂ ਵਿਰੁਧ ਅਦਾਲਤ ਵਿਚ ਚਲਾਨ ਪੇਸ਼ ਕੀਤੇ ਗਏ ਹਨ, ਉਹ ਹੀ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ  ਬਦਲਣ ਲਈ ਅਦਾਲਤਾਂ ਤਕ ਪਹੁੰਚ ਕਰ ਰਹੇ ਹਨ | ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਐਸਆਈਟੀ ਵਲੋਂ ਮੁਲਜ਼ਮ ਐਲਾਨੇ ਜਾ ਚੁੱਕੇ ਪੁਲਿਸ ਅਧਿਕਾਰੀਆਂ ਸਮੇਤ ਹੋਰ ਲੋਕਾਂ ਨੂੰ  ਜੇਲ ਵਿਚ ਬੰਦ ਕੀਤਾ ਜਾਵੇ ਅਤੇ ਸਖ਼ਤ ਸਜ਼ਾਵਾਂ ਦਿਤੀਆਂ ਜਾਣ ਤਾਂ ਜੋ ਪੀੜਤ ਪਰਵਾਰਾਂ ਨੂੰ  ਰਾਹਤ ਮਿਲ ਸਕੇ | ਉਨ੍ਹਾਂ ਆਸ ਪ੍ਰਗਟਾਈ ਕਿ ਅਦਾਲਤ ਵਲੋਂ 8 ਫ਼ਰਵਰੀ ਦਿਨ ਸੋਮਵਾਰ ਨੂੰ  ਸੈਣੀ ਅਤੇ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੀ ਜਾਵੇਗੀ ਤਾਂ ਜੋ ਲੋਕਾਂ ਦਾ ਅਦਾਲਤਾਂ 'ਤੇ ਵਿਸ਼ਵਾਸ਼ ਬਣਿਆ ਰਹੇ |