ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਕਿਸਾਨ ਆਗੂਆਂ ਨੇ ਸਰਕਾਰ ਨੂੰ ਗੱਲਬਾਤ ਦੀ ਮਿਤੀ ਤੈਅ ਕਰਨ ਲਈ ਕਿਹਾ
ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਕਿਸਾਨ ਆਗੂਆਂ ਨੇ ਸਰਕਾਰ ਨੂੰ ਗੱਲਬਾਤ ਦੀ ਮਿਤੀ ਤੈਅ ਕਰਨ ਲਈ ਕਿਹਾ
ਕਿਸਾਨ ਸੰਗਠਨਾਂ ਨੇ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਦੀ ਟਿਪਣੀ 'ਤੇ ਕੀਤਾ ਇਤਰਾਜ਼
ਨਵੀਂ ਦਿੱਲੀ, 8 ਫ਼ਰਵਰੀ : ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੇ ਸੋਮਵਾਰ ਨੂੰ ਸਰਕਾਰ ਨੂੰ ਕਿਹਾ ਕਿ ਵਾਰਤਾ ਦੇ ਅਗਲੇ ਗੇੜ ਦੀ ਮਿਤੀ ਤੈਅ ਕਰੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਨ ਅਤੇ ਵਾਰਤਾ ਲਈ ਸੱਦਾ ਦੇਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਇਹ ਗੱਲ ਕਹੀ | ਫਿਲਹਾਲ, ਕਿਸਾਨ ਸੰਗਠਨਾਂ ਨੇ ਰਾਜਸਭਾ ਵਿਚ ਪ੍ਰਧਾਨ ਮੰਤਰੀ ਦੀ ਟਿੱਪਣੀ 'ਤੇ ਇਤਰਾਜ਼ ਕੀਤਾ ਹੈ ਕਿ ਦੇਸ਼ ਵਿਚ ਅੰਦੋਲਨਕਾਰੀਆਂ ਦੀ ਨਵੀਂ 'ਨਸਲ' ਉਭਰੀ ਹੈ ਜਿਸ ਨੂੰ 'ਅੰਦੋਲਨ ਜੀਵੀ' ਕਿਹਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਅੰਦੋਲਨ ਦੀ ਮਹੱਤਵਪੂਰਨ ਭੂਮਿਕਾ ਹੈ |
ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਮੈਂਬਰ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਉਹ ਅਗਲੇ ਗੇੜ ਦੀ ਗੱਲਬਾਤ ਲਈ ਤਿਆਰ ਹਨ ਅਤੇ ਸਰਕਾਰ ਨੂੰ ਬੈਠਕ ਦੀ ਮਿਤੀ ਅਤੇ ਸਮਾਂ ਦਸਣਾ ਚਾਹੀਦਾ ਹੈ | ਕੱਕਾ ਨੇ ਕਿਹਾ,''ਅਸੀਂ ਸਰਕਾਰ ਨੂੰ ਗੱਲਬਾਤ ਲਈ ਕਦੇ ਇਨਕਾਰ ਨਹੀਂ ਕੀਤਾ | ਜਦੋਂ ਵੀ ਸਰਕਾਰ ਨੇ ਗੱਲਬਾਤ ਲਈ ਬੁਲਾਇਆ, ਅਸੀਂ ਕੇਂਦਰੀ ਮੰਤਰੀਆਂ ਨਾਲ ਗੱਲ ਕੀਤੀ | ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ |'' (ਪੀਟੀਆਈ)