ਈਰਾਨ ਨੇ ਹਵਾਈ ਰਖਿਆ ਮਿਜ਼ਾਈਲਾਂ ਲਈ ਸ਼ੁਰੂ ਕੀਤੀ ਫ਼ੈਕਟਰੀ, ਡਿਫੈਂਸ ਮਿਜ਼ਾਈਲਾਂ ਦੀ ਵਧੇਗੀ ਸਮਰਥਾ
ਈਰਾਨ ਨੇ ਹਵਾਈ ਰਖਿਆ ਮਿਜ਼ਾਈਲਾਂ ਲਈ ਸ਼ੁਰੂ ਕੀਤੀ ਫ਼ੈਕਟਰੀ, ਡਿਫੈਂਸ ਮਿਜ਼ਾਈਲਾਂ ਦੀ ਵਧੇਗੀ ਸਮਰਥਾ
ਤਹਿਰਾਨ, 7 ਫ਼ਰਵਰੀ : ਈਰਾਨ ਨੇ ਹਵਾਈ ਰਖਿਆ ਮਿਜ਼ਾਈਲਾਂ ਦੇ ਨਿਰਮਾਣ ਲਈ ਇਕ ਫ਼ੈਕਟਰੀ ਦੀ ਸ਼ੁਰੂਆਤ ਕੀਤੀ ਹੈ। ਨਾਲ ਹੀ ਵੱਖ-ਵੱਖ ਮਿਜ਼ਾਈਲਾਂ ਵਿਚ ਵਰਤਣ ਵਾਲੇ ਹਾਈਬ੍ਰਿਡ ਸਾਲਿਡ ਫਿਊਲ ਦੇ ਉਤਪਾਦਨ ਲਈ ਪਲਾਂਟ ਲਗਾਇਆ ਹੈ।
ਈਰਾਨੀ ਹਥਿਆਰਬੰਦ ਬਲਾਂ ਦੇ ਚੀਫ਼ ਆਫ਼ ਸਟਾਫ਼ ਹੁਸੈਨ ਬਕੇਰੀ ਨੇ ਸ਼ਨਿਚਰਵਾਰ ਨੂੰ ਉਦਘਾਟਨ ਸਮਾਰੋਹ ਵਿਚ ਕਿਹਾ ਕਿ ਮੋਢੇ ਨਾਲ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਪਲਾਂਟ ਖੇਤਰ ਵਿਚ ਸੱਭ ਤੋਂ ਅਨੌਖਾ ਹੈ। ਇਥੇ ਘੱਟ ਦੂਰੀ ਦੀਆਂ ਹਵਾਈ ਰਖਿਆ ਮਿਜ਼ਾਈਲਾਂ ਦਾ ਉਤਪਾਦਨ ਕੀਤਾ ਜਾਵੇਗਾ।
ਖ਼ਬਰ ਏਜੰਸੀ ਸਿਨਹੂਆ ਮੁਤਾਬਕ ਇਥੇ ਬਣਾਈਆਂ ਜਾਣ ਵਾਲੀਆਂ ਮਿਜ਼ਾਈਲਾਂ ਨਾ ਕੇਵਲ ਉੱਨਤ ਤਕਨੀਕਾਂ ਨਾਲ ਲੈਸ ਹੋਣਗੀਆਂ ਸਗੋਂ ਨੈਵੀਗੇਸ਼ਨ ਅਤੇ ਕੰਟਰੋਲ ਲਈ ਆਪਟੀਕਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਫ਼ੌਜੀ ਇਨ੍ਹਾਂ ਮਿਜ਼ਾਈਲਾਂ ਦਾ ਵੱਖ-ਵੱਖ ਰਣਨੀਤਕ ਸਥਿਤੀਆਂ ਵਿਚ ਪ੍ਰਯੋਗ ਕਰ ਸਕਦੇ ਹਨ। ਮਿਜ਼ਾਈਲਾਂ ਲਈ ਈਂਧਨ ਦੀ ਸਪਲਾਈ ਕਰਨ ਵਾਲੇ ਕਾਰਖਾਨੇ ਦੇ ਉਦਘਾਟਨ ’ਤੇ ਬਕੇਰੀ ਨੇ ਕਿਹਾ ਕਿ ਜ਼ਮੀਨੀ ਲੜਾਈ ਵਿਚ ਮਿਜ਼ਾਈਲ ਦੀ ਗਤੀ ਅਤੇ ਉਸ ਦੀ ਹੱਦ ਦਾ ਵਿਸਤਾਰ ਕਰਨਾ ਜ਼ਰੂਰੀ ਸੀ। ਨਵਾਂ ਠੋਸ ਈਂਧਨ ਜ਼ਮੀਨ ਤੋਂ ਜ਼ਮੀਨ, ਐਂਟੀ ਟੈਂਕ ਅਤੇ ਏਅਰ ਡਿਫੈਂਸ ਮਿਜ਼ਾਈਲਾਂ ਦੀ ਸਮਰੱਥਾ ਵਧਾਏਗਾ। (ਏਜੰਸੀ)