ਮੰਤਰੀ, ਵਿਧਾਇਕ ਤੇ ਹੋਰ ਕਾਂਗਰਸੀ ਨੇਤਾ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੇ ਹਨ: ਡਾ. ਚੀਮਾ
ਮੰਤਰੀ, ਵਿਧਾਇਕ ਤੇ ਹੋਰ ਕਾਂਗਰਸੀ ਨੇਤਾ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੇ ਹਨ: ਡਾ. ਚੀਮਾ
ਚੋਣ ਕਮਿਸ਼ਨਰ ਚੁੱਪੀ ਧਾਰਨ ਲਈ ਮਜਬੂਰ, ਅਕਾਲੀ ਦਲ ਦਾ ਵਫ਼ਦ ਭਲਕੇ ਮਿਲੇਗਾ ਰਾਜਪਾਲ ਨੂੰ
ਚੰਡੀਗੜ੍ਹ, 7 ਫ਼ਰਵਰੀ (ਜੀ.ਸੀ.ਭਾਰਦਵਾਜ): ਪੰਜਾਬ ਦੀਆਂ 8 ਕਾਰਪੋਰੇਸ਼ਨਾਂ ਤੇ 108 ਮਿਉਂਸਪਲ ਕਮੇਟੀਆਂ ਦੇ 2200 ਤੋਂ ਵੱਧ ਵਾਰਡਾਂ ਵਿਚ 14 ਫ਼ਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਜਿਥੇ ਪ੍ਰਚਾਰ ਸ਼ੁਰੂ ਹੋ ਗਿਆ ਹੈ ਅਤੇ 4 ਕੋਨੇ ਮੁਕਾਬਲੇ ਵਿਚ ਸੱਤਾਧਾਰੀ ਕਾਂਗਰਸ ਦਾ ਮੁਕਾਬਲਾ ਡੱਟ ਕੇ ਸ਼ੋ੍ਰਮਣੀ ਅਕਾਲੀ ਦਲ, ਆਪ ਤੇ ਬੀਜੇਪੀ ਵਲੋਂ ਕੀਤਾ ਜਾ ਰਿਹਾ ਹੈ | ਇਸ ਦੇ ਨਾਲ-ਨਾਲ, ਪਿਛਲੇ 2 ਹਫ਼ਤਿਆਂ ਤੋਂ ਸਾਰੀਆਂ ਵਿਰੋਧੀ ਧਿਰਾਂ ਵਲੋਂ ਕਾਂਗਰਸ ਵਿਰੁਧ ਧੱਕੇਸ਼ਾਹੀ, ਗੁੰਡਾਗਰਦੀ, ਸਰਕਾਰੀ ਮਸ਼ੀਨਰੀ ਅਤੇ ਪੁਲਿਸ ਦਾ ਦੁਰਉਪਯੋਗ ਕਰਨ ਦੇ ਸੰਗੀਨ ਦੋਸ਼ ਲਾਏ ਜਾ ਰਹੇ ਹਨ ਅਤੇ ਰਾਜ ਦੇ ਚੋਣ ਕਮਿਸ਼ਨਰ ਤੇ ਰਾਜਪਾਲ ਨੂੰ ਮਿਲ ਕੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਤੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਬਾਰੇ ਮੈਮੋਰੰਡਮ ਲਗਾਤਾਰ ਦਿਤੇ ਜਾ ਰਹੇ ਹਨ |
ਅੱਜ ਇਥੇ ਹੈੱਡ ਆਫ਼ਿਸ ਵਿਚ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵੀਡੀਉਗ੍ਰਾਫ਼ੀ ਤੇ ਹੋਰ ਦਸਤਾਵੇਜ਼ਾਂ ਰਾਹੀਂ ਦਸਿਆ ਕਿ ਕਿਵੇਂ ਕਾਂਗਰਸ ਦੇ ਵਿਧਾਇਕ, ਹੋਰ ਨੇਤਾ ਤੇ ਮੰਤਰੀ ਵੱਖ ਵੱਖ ਥਾਵਾਂ 'ਤੇ ਰਾਤ ਨੂੰ ਜਾ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਰੁਧ ਜ਼ੋਰ ਜ਼ਬਰਦਸਤੀ ਕਰ ਰਹੇ ਹਨ | ਡਾ. ਚੀਮਾ ਨੇ ਪਾਰਟੀ ਪ੍ਰਧਾਨ ਸ. ਸਖਬੀਰ ਸਿੰਘ ਬਾਦਲ 'ਤੇ ਦੋ ਦਿਨ ਪਹਿਲਾਂ ਜਲਾਲਾਬਾਦ ਵਿਚ ਕੀਤੇ ਹਮਲੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਪੰਜਾਬ ਵਿਚ ਕਾਨੂੰਨ ਵਿਵਸਥਾ ਹੇਠਲੇ ਪੱਧਰ 'ਤੇ ਪਹੁੰਚ ਚੁੱਕੀ ਹੈ |
ਡਾ. ਚੀਮਾ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਭਰੋਸਾ ਦਿੰਦਿਆਂ ਸਖ਼ਤ ਹਦਾਇਤ ਪੁਲਿਸ ਡੀ.ਜੀ.ਪੀ. ਨੂੰ ਕੀਤੀ ਸੀ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕੋਈ ਵਧੀਕੀ ਨਹੀਂ ਕੀਤੀ ਜਾਵੇਗੀ ਪਰ ਅਫ਼ਸੋਸ ਕਿ ਜ਼ੀਰਾ ਮਿਉਂਸਪਲ ਕਮੇਟੀ ਚੋਣ ਵਿਚ ਕੁਲ 17 ਵਾਰਡਾਂ ਵਿਚ ਸਾਰੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰ ਦਿਤੇ ਤੇ ਕਾਂਗਰਸ ਨੇ ਅਪਣੇ ਉਮੀਦਵਾਰ ਸਾਰੇ ਨਿਰਵਿਰੋਧ ਜੇਤੂ ਕਰਾਰ ਦੇ ਦਿਤੇ | ਵੇਰਵੇ ਦਿੰਦਿਆਂ ਡਾ. ਚੀਮਾ ਨੇ ਦਸਿਆ ਕਿ ਗੁਰੂ ਹਰਸਹਾਇ ਦੇ ਕੁਲ 15 ਵਾਰਡਾਂ ਵਿਚੋਂ 8 'ਤੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰ ਦਿਤੇ, ਫ਼ਿਰੋਜ਼ਪੁਰ ਵਿਚ ਕੁਲ 33 ਵਾਰਡਾਂ ਵਿਚੋਂ ਵੀ 8 ਵਾਰਡਾਂ ਦੇ ਸਾਰੇ ਵਿਰੋਧੀ ਸਾਫ਼ ਕਰ ਦਿਤੇ | ਇਸੇ ਤਰ੍ਹਾਂ ਮਲੂਕਾ ਨਗਰ ਦੇ ਕੁਲ 11 ਵਿਚੋਂ 7 ਵਾਰਡਾਂ ਦੇ ਸਾਰੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ, ਮਹਿਰਾਜ ਦੀ ਨਗਰ ਪੰਚਾਇਤ ਦੇ ਕੁਲ 13 ਵਿਚੋਂ 5, ਭਾਈ ਰੂਪਾ ਦੇ ਕੁਲ 11 ਵਿਚੋਂ 4 ਸਾਫ਼ ਕੀਤੇ | ਮੰਡੀ ਗੋਬਿੰਦਗੜ੍ਹ ਵਿਚੋਂ 6 ਵਾਰਡਾਂ ਤੇ ਸਾਰੇ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰ ਦਿਤੇ |
ਡਾ. ਚੀਮਾ ਨੇ ਚੋਣ ਕਮਿਸ਼ਨਰ ਤੇ ਪੁਲਿਸ ਤੇ ਦੋਸ਼ ਲਾਏ ਕਿ ਚੋਣ ਜ਼ਾਬਤਾ ਲਾਗੂ ਹੋਣ 'ਤੇ ਸਾਰੇ ਹਥਿਆਰ, ਥਾਣੇ ਜਮ੍ਹਾਂ ਕਰਾ ਲਏ ਜਾਂਦੇ ਹਨ, ਪਰ ਪੰਜਾਬ ਵਿਚ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ, ਕਾਂਗਰਸੀ ਨੇਤਾ ਬਾਕੀ ਵਿਰੋਧੀ ਪਾਰਟੀਆਂ ਤੇ ਵਿਸ਼ੇਸ਼ ਕਰ ਕੇ ਅਕਾਲੀ ਦਲ ਦੇ ਨੇਤਾਵਾਂ ਤੇ ਉਮੀਦਵਾਰਾਂ ਨੂੰ ਡਰਾਅ ਧਮਕਾਅ ਰਹੇ ਹਨ | ਉਨ੍ਹਾਂ ਕਿਹਾ ਸ਼ੋ੍ਰਮਣੀ ਅਕਾਲੀ ਦਲ ਦਾ ਉਚ ਪਧਰੀ ਵਫ਼ਦ ਰਾਜਪਾਲ ਨੂੰ ਮਿਲ ਕੇ ਕਈ ਕਸਬਿਆਂ ਤੇ ਸ਼ਹਿਰਾਂ ਵਿਚ ਇਹ ਚੋਣਾਂ ਰੱਦ ਕਰਨ ਦੀ ਮੰਗ ਕਰੇਗਾ ਅਤੇ ਕਾਨੂੰਨਦਾਨਾਂ ਦੀ ਸਲਾਹ ਨਾਲ ਛੇਤੀ ਹੀ ਹਾਈ ਕੋਰਟ ਵਿਚ ਕੇਸ ਪਾਵੇਗਾ |
ਮੁੱਖ ਮੰਤਰੀ ਤੇ ਚੋਣ ਕਮਿਸ਼ਨਰ ਨੂੰ ਤਾੜਨਾ ਕਰਦੇ ਹੋਏ ਇਸ ਸੀਨੀਅਰ ਅਕਾਲੀ ਨੇਤਾ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਕਾਂਗਰਸੀ ਉਮੀਦਵਾਰਾਂ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਨਹੀਂ ਹੈ ਬਲਕਿ ਰਾਜ ਸਰਕਾਰ ਦੀ ਸ਼ਕਤੀ ਤੇ ਲੋਕ ਸ਼ਕਤੀ ਵਿਚਾਲੇ ਹੈ | ਡਾ.ਚੀਮਾ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਕਾਂਗਰਸ ਸਰਕਾਰ ਵਲੋਂ ਕੋਈ ਵਿਕਾਸ ਕਾਰਜ ਨਹੀਂ ਕੀਤੇ ਗਏ, ਅਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਇਹ ਸਰਕਾਰ ਜ਼ੋਰ ਜਬਰੀ ਕਾਰਪੋਰੇਸ਼ਨ ਤੇ ਮਿਉਂਸਪਲ ਚੋਣਾਂ ਜਿੱਤ ਕੇ ਝੂਠੀ ਵਾਹਵਾ ਖੱਟਣੀ ਚਾਹੁੰਦੀ ਹੈ |